ਡੇਰਾ ਬਾਬਾ ਨਾਨਕ ਤੋਂ ਵੱਡੀ ਖ਼ਬਰ… ਅੱਜ ਕਰਤਾਰਪੁਰ ਕੋਰੀਡੋਰ ਦੇ ਨੇੜੇ ਇੱਕ 28 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਲਵਪ੍ਰੀਤ ਸਿੰਘ, ਉਮਰ 28 ਸਾਲ,ਵਾਸੀ ਮੁਹੱਲਾ ਬਾਜੀ, ਡੇਰਾ ਬਾਬਾ ਨਾਨਕ ਵਜੋਂ ਹੋਈ ਹੈ।
ਡੀਐਸਪੀ ਜੋਗਾ ਸਿੰਘ ਮੁਤਾਬਕ ਬੀਤੇ ਕੱਲ੍ਹ ਪਰਿਵਾਰ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਲਵਪ੍ਰੀਤ ਸਿੰਘ ਸ਼ੁੱਕਰਵਾਰ ਰਾਤ ਤੋਂ ਲਾਪਤਾ ਹੈ। ਪੁਲਿਸ ਅਤੇ ਪਰਿਵਾਰ ਵੱਲੋਂ ਭਾਲ ਜਾਰੀ ਸੀ…
ਅਤੇ ਅੱਜ ਪਰਿਵਾਰ ਨੇ ਸੂਚਨਾ ਦਿੱਤੀ ਕਿ ਲਵਪ੍ਰੀਤ ਦੀ ਲਾਸ਼ ਕਰਤਾਰਪੁਰ ਕੋਰੀਡੋਰ ਨੇੜੇ ਪੁਰਾਣੇ ਗੇਟ ਉੱਪਰ ਪਈ ਮਿਲੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆਂਦਾ ਹੈ ਅਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਟਾਲਾ ਭੇਜਿਆ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ, ਮ੍ਰਿਤਕ ਦੀ ਮਾਤਾ ਅਤੇ ਜੀਜਾ ਅਖਤਿਆਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਨੂੰ ਡੇਰਾ ਬਾਬਾ ਨਾਨਕ ਦਾ ਇੱਕ ਨੌਜਵਾਨ ਗੈਸ ਏਜੰਸੀ ਤੋਂ ਨਾਲ ਲੈ ਕੇ ਗਿਆ ਸੀ…
ਅਤੇ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ। ਫੋਨ ਵੀ ਉਸੇ ਰਾਤ ਤੋਂ ਬੰਦ ਸੀ। ਪਰਿਵਾਰ ਦਾ ਕਹਿਣਾ ਹੈ ਕਿ ਲਾਸ਼ ਸ਼ੱਕੀ ਹਾਲਤ ਵਿੱਚ ਮਿਲੀ ਹੈ ਅਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ
ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਮੌਤ ਦਾ ਅਸਲੀ ਕਾਰਨ ਸਾਹਮਣੇ ਆ ਸਕੇ ਅਤੇ ਪਰਿਵਾਰ ਨੂੰ ਇਨਸਾਫ ਮਿਲ ਸਕੇ। ਡੇਰਾ ਬਾਬਾ ਨਾਨਕ ਵਿੱਚ ਇਸ ਘਟਨਾ ਤੋਂ ਬਾਅਦ ਸਥਾਨਕ ਪੱਧਰ ‘ਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

















