ਭਾਰਤੀ ਫੌਜ ਨੇ ਇੱਕ ਵਾਰ ਫਿਰ ਆਪਣੀ ਕਾਬਲਿਆਤ ਅਤੇ ਜਜ਼ਬੇ ਦਾ ਪ੍ਰਮਾਣ ਦਿੰਦੇ ਹੋਏ 16 ਹਜ਼ਾਰ ਫੁੱਟ ਦੀ ਉਚਾਈ ’ਤੇ ਮੋਨੋ-ਰੇਲ ਤਿਆਰ ਕਰ ਵੱਡਾ ਰਿਕਾਰਡ ਬਣਾ ਦਿੱਤਾ ਹੈ। ਚੀਨ ਨਾਲ ਲੱਗਦੀ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ’ਤੇ ਇਹ ਹਾਈ-ਆਲਟਿਟਿਊਡ ਮੋਨੋ-ਰੇਲ ਫੌਜ ਲਈ ਵੱਡਾ ਗੇਮ-ਚੇਂਜਰ ਸਾਬਤ ਹੋ ਰਹੀ ਹੈ।

ਗਜਰਾਜ ਕੋਰ (ਮੁੱਖ ਦਫ਼ਤਰ — ਤੇਜ਼ਪੁਰ) ਨੇ ਬਰਫ਼ ਨਾਲ ਢੱਕੀਆਂ ਅੱਗੇਲੀ ਚੌਕੀਆਂ ਤੱਕ ਰਸਦ, ਦਵਾਈਆਂ, ਫਿਊਲ ਅਤੇ ਭਾਰੀ ਸਮਾਨ ਪਹੁੰਚਾਉਣ ਲਈ ਇਸ ਮੋਨੋ-ਰੇਲ ਨੂੰ ਤਿਆਰ ਕੀਤਾ ਹੈ। ਇਸ ਸਿਸਟਮ ਦੀ ਮਦਦ ਨਾਲ 300 ਕਿਲੋ ਤੱਕ ਦਾ ਸਮਾਨ ਅਤੇ ਜ਼ਖ਼ਮੀ ਜਵਾਨਾਂ ਨੂੰ ਵੀ ਸੁਰੱਖਿਅਤ ਤਰੀਕੇ ਨਾਲ ਇੱਕ ਪੋਸਟ ਤੋਂ ਦੂਜੀ ਪੋਸਟ ਤੱਕ ਲਿਆਂਦਾ ਜਾ ਸਕਦਾ ਹੈ।

ਭਾਰਤੀ ਫੌਜ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਜ਼ਿਲ੍ਹੇ ਤੋਂ ਇਸ ਮੋਨੋ-ਰੇਲ ਦਾ ਵੀਡੀਓ ਵੀ ਜਾਰੀ ਕੀਤਾ ਗਿਆ ਹੈ, ਜਿਸ ’ਚ ਜਵਾਨਾਂ ਨੂੰ ਇੱਕ ਜ਼ਖ਼ਮੀ ਸਿਪਾਹੀ ਨੂੰ ਮੋਨੋ-ਰੇਲ ਰਾਹੀਂ ਲੈ ਜਾਂਦੇ ਹੋਏ ਵੇਖਿਆ ਜਾ ਸਕਦਾ ਹੈ। ਲਿਫ਼ਟਿਨੈਂਟ ਕਰਨਲ ਮਹਿੰਦਰ ਰਾਵਤ ਨੇ ਦੱਸਿਆ ਕਿ ਬੁਰੇ ਮੌਸਮ ਅਤੇ ਉੱਚੀਆਂ ਚੋਟੀਆਂ ਕਾਰਨ ਕਈ ਚੌਕੀਆਂ ਅਕਸਰ ਮੁੱਖ ਦਫਤਰਾਂ ਤੋਂ ਕੱਟ ਜਾਂਦੀਆਂ ਸਨ। ਹੁਣ ਇਹ ਮੋਨੋ-ਰੇਲ ਹਾਈ-ਆਲਟਿਟਿਊਡ ਲਾਜਿਸਟਿਕ ਲਈ ਇਕ ਮੀਲ ਪੱਥਰ ਸਾਬਤ ਹੋ ਸਕਦੀ ਹੈ।
ਸੈਨਾ ਦੇ ਮੁਤਾਬਕ, ਹੁਣ ਇਸ ਮੋਨੋ-ਰੇਲ ਰਾਹੀਂ ਐਮਿਊਨਿਸ਼ਨ, ਫਿਊਲ, ਇੰਜੀਨੀਅਰਿੰਗ ਉਪਕਰਣਾਂ ਸਮੇਤ ਹਰ ਕਿਸਮ ਦਾ ਭਾਰੀ ਸਮਾਨ ਅੱਗੇਲੀਆਂ ਚੌਕੀਆਂ ਤੱਕ ਬਿਨਾ ਰੁਕਾਵਟ ਪਹੁੰਚਾਇਆ ਜਾ ਸਕੇਗਾ।
















