ਪੰਜਾਬ ’ਚ ਸਰਕਾਰੀ ਬੱਸਾਂ ’ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਲੱਗਣ ਵਾਲਾ ਹੈ ਚੱਕਾ ਜਾਮ

ਪੰਜਾਬ ’ਚ ਇੱਕ ਵਾਰ ਫੇਰ ਤੋਂ ਬੱਸਾਂ ਨੂੰ ਬ੍ਰੇਕਾਂ ਲੱਗਣ ਵਾਲੀਆਂ ਹਨ ਜਿਸ ਦੇ ਚੱਲਦੇ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਜਾਵੇਗੀ। 31 ਅਕਤਬੂਰ ਨੂੰ ਦੁਪਹਿਰ 12 ਵਜੇ ਤੋਂ ਬਾਅਦ ਬੱਸਾਂ ਬੰਦ ਰਹਿਣਗੀਆਂ। ਮੁਲਾਜ਼ਮਾਂ ਦਾ ਇਲਜ਼ਾਮ ਸਰਕਾਰ ਵੱਲੋਂ ਉਨ੍ਹਾਂ ਨੂੰ ਗੱਲਬਾਤ ਕਰਨ ਲਈ ਕੋਈ ਸੱਦਾ ਨਹੀਂ ਦਿੱਤਾ ਗਿਆ ਹੈ।

ਯੂਨੀਅਨ ਦੇ ਪ੍ਰਧਾਨ ਜੋਧ ਸਿੰਘ ਨੇ ਟਰਾਂਸਪੋਰਟ ਵਿਭਾਗ, ਪਨਬਸ ਦੇ ਪ੍ਰਬੰਧ ਨਿਰਦੇਸ਼ਕ ਅਤੇ ਪੀਆਰਟੀਸੀ ਦੇ ਪ੍ਰਬੰਧ ਨਿਰਦੇਸ਼ਕ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਵਿਭਾਗ 31 ਅਕਤੂਬਰ ਨੂੰ ਕਿਲੋਮੀਟਰ ਸਕੀਮ ਅਧੀਨ ਬੱਸਾਂ ਨੂੰ ਸ਼ਾਮਲ ਕਰਨ ਲਈ ਦੁਬਾਰਾ ਟੈਂਡਰ ਜਾਰੀ ਕਰਦਾ ਹੈ, ਤਾਂ ਬੱਸਾਂ ਨੂੰ ਰੋਕ ਦਿੱਤਾ ਜਾਵੇਗਾ।

ਠੇਕਾ ਮੁਲਾਜ਼ਮਾਂ ਦਾ ਇਹ ਵੀ ਕਹਿਣਾ ਹੈ ਕਿ ਸਥਾਈ ਨੌਕਰੀ ਲਈ ਜ਼ਰੂਰੀ ਦਸਤਾਵੇਜ਼ ਪਹਿਲਾਂ ਹੀ ਸਰਕਾਰ ਨੂੰ ਜਮ੍ਹਾ ਕਰਵਾਏ ਜਾ ਚੁੱਕੇ ਹਨ, ਪਰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਕਰਮਚਾਰੀਆਂ ਵਿੱਚ ਵਿਆਪਕ ਰੋਸ ਹੈ। ਕਿਲੋਮੀਟਰ ਸਕੀਮ ਤਹਿਤ ਬੱਸਾਂ ਲਈ ਟੈਂਡਰ ਕਰਕੇ, ਸਰਕਾਰ ਦਾ ਉਦੇਸ਼ ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਉਣਾ ਹੈ।

ਕਾਬਿਲੇਗੌਰ ਹੈ ਕਿ  ਯੂਨੀਅਨ ਦੇ ਅਧਿਕਾਰੀ ਪਿਛਲੇ ਕਈ ਮਹੀਨਿਆਂ ਤੋਂ ਕਿਲੋਮੀਟਰ ਸਕੀਮ ਦਾ ਵਿਰੋਧ ਕਰ ਰਹੇ ਹਨ, ਜਿਸਦੇ ਨਤੀਜੇ ਵਜੋਂ ਲਗਾਤਾਰ ਦੋ ਵਾਰ ਟੈਂਡਰ ਰੱਦ ਕੀਤੇ ਗਏ ਹਨ। ਹਾਲਾਂਕਿ, ਵਾਰ-ਵਾਰ ਟੈਂਡਰ ਜਾਰੀ ਕਰਨਾ ਸਮਝ ਤੋਂ ਬਾਹਰ ਹੈ।