ਦਿਵਾਲੀ ਮੌਕੇ ਜਲੰਧਰ ਦਿਹਾਤੀ ਪੁਲਿਸ ਵੱਲੋਂ ਲੋਕਾਂ ਲਈ ਖਾਸ ਤੋਹਫ਼ਾ

ਪੰਜਾਬ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਅਤੇ ਭਰੋਸੇ ਨੂੰ ਮਜ਼ਬੂਤ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਹੇਠ, ਜਲੰਧਰ ਦਿਹਾਤੀ ਪੁਲਿਸ ਨੇ ਇਕ ਹੋਰ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਹਰਵਿੰਦਰ ਸਿੰਘ ਵਿਰਕ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਪੁਲਿਸ ਅਫਸਰ ਸਰਬਜੀਤ ਰਾਏ ਕਪਤਾਨ (ਇਨਵੈਸਟੀਗੇਸ਼ਨ) ਦੀ ਅਗਵਾਈ ਵਿੱਚ ਬਣਾਈ ਗਈ ਵਿਸ਼ੇਸ਼ ਟੀਮ ਜਿਸ ਵਿੱਚ ਰਸ਼ਪਾਲ ਸਿੰਘ (ਪੀ.ਪੀ.ਐਸ.). ਡੀ.ਐਸ.ਪੀ ਸਾਈਬਰ ਕ੍ਰਾਈਮ, ਟੈਕਨੀਕਲ ਯੂਨਿਟ ਅਤੇ ਸਾਂਝ ਕੇਂਦਰ ਦੇ ਅਧਿਕਾਰੀਆਂ ਨੇ ਸ਼ਾਮਿਲ ਹੋ ਕੇ ਲਗਾਤਾਰ ਮਿਹਨਤ ਕੀਤੀ ਜੋ 110 ਗੁੰਮ ਹੋਏ ਮੋਬਾਇਲ ਫੋਨ ਬਰਾਮਦ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪੇ ਗਏ ਹਨ। ਇਨ੍ਹਾਂ ਮੋਬਾਇਲਾਂ ਦੀ ਕੁੱਲ ਅਨੁਮਾਨਤ ਕੀਮਤ ਲਗਭਗ ₹25.50 ਲੱਖ ਰੁਪਏ ਹੈ।

 

ਇਹ ਸਾਰੇ ਫੋਨ ਪਿਛਲੇ ਕੁਝ ਮਹੀਨਿਆਂ ਦੌਰਾਨ ਜਿਲ੍ਹੇ ਦੇ ਵੱਖ-ਵੱਖ ਇਲਾਕਿਆਂ – ਜਿਵੇਂ ਕਿ ਨਕੋਦਰ, ਸ਼ਾਹਕੋਟ, ਆਦਮਪੁਰ, ਫਿਲੌਰ, ਅਤੇ ਲੋਹੀਆਂ ਖੇਤਰਾਂ ਤੋਂ ਗੁੰਮ ਹੋਏ ਸਨ। ਪੁਲਿਸ ਟੀਮਾਂ ਨੇ ਇਨ੍ਹਾਂ ਦੀ ਬਰਾਮਦਗੀ ਲਈ ਤਕਨੀਕੀ ਸਹਾਇਤਾ ਲੈਂਦਿਆਂ IMEI ਨੰਬਰ ਟਰੈਕਿੰਗ, ਨੈੱਟਵਰਕ ਲੋਕੇਸ਼ਨ ਅਤੇ ਡਿਜੀਟਲ ਟ੍ਰੇਲ ਦੀ ਮਦਦ ਨਾਲ ਹਰ ਫੋਨ ਦੀ ਹਿਸਟਰੀ ਦਾ ਪਤਾ ਲਾਇਆ। ਕਈ ਮੋਬਾਇਲ ਦੂਰ-ਦੁਰਾਡੇ ਇਲਾਕਿਆ ਵਿੱਚ ਮਿਲੇ ਜਿੱਥੇ ਉਹਨਾਂ ਨੂੰ ਦੁਬਾਰਾ ਵੇਚ ਦਿੱਤਾ ਗਿਆ ਸੀ, ਪਰ ਪੁਲਿਸ ਨੇ ਇੰਟਰ-ਸਟੇਟ ਕੋਆਰਡੀਨੇਸ਼ਨ ਨਾਲ ਉਨ੍ਹਾਂ ਨੂੰ ਵਾਪਸ ਹਾਸਲ ਕੀਤਾ।

ਜਦੋਂ ਮਾਲਕਾਂ ਨੂੰ ਆਪਣੇ ਮੋਬਾਇਲ ਵਾਪਸ ਸੌਂਪੇ ਗਏ, ਉਨ੍ਹਾਂ ਦੇ ਚਿਹਰਿਆਂ ‘ਤੇ ਖੁਸ਼ੀ ਅਤੇ ਚਮਕ ਸਾਫ਼ ਦਿਖਾਈ ਦਿੱਤੀ। ਇੱਕ ਵਿਅਕਤੀ ਨੇ ਕਿਹਾ “ਦਿਵਾਲੀ ਤੋਂ ਪਹਿਲਾਂ ਪੁਲਿਸ ਵੱਲੋਂ ਇਹ ਤੋਹਫ਼ਾ ਮਿਲਣਾ ਬਹੁਤ ਵੱਡੀ ਖੁਸ਼ੀ ਹੈ।” ਇਹ ਸਿਰਫ਼ ਗੁੰਮ ਹੋਏ ਮੋਬਾਇਲ ਫੋਨਾਂ ਦੀ ਬਰਾਮਦਗੀ ਨਹੀਂ. ਸਗੋਂ ਜਲੰਧਰ ਦਿਹਾਤੀ ਪੁਲਿਸ ਦੀ ਜਨਤਾ ਪ੍ਰਤੀ ਸਮਰਪਣ ਦੀ ਉਦਾਹਰਣ ਹੈ।

ਅੱਜ ਦੇ ਸਮੇਂ ਵਿੱਚ ਮੋਬਾਇਲ ਫੋਨ ਇਕ ਵਿਅਕਤੀ ਦੀ ਜਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕੇ ਹਨ। ਇਨ੍ਹਾਂ ਵਿੱਚ ਸਾਡੀ ਨਿੱਜੀ ਜਾਣਕਾਰੀ, ਪਰਿਵਾਰਕ ਯਾਦਾਂ, ਆਨਲਾਈਨ ਬੈਂਕਿੰਗ ਡਾਟਾ, ਅਤੇ ਅਹਿਮ ਦਸਤਾਵੇਜ਼ ਸੁਰੱਖਿਅਤ ਹੁੰਦੇ ਹਨ। ਇਸ ਲਈ ਜਦੋਂ ਕੋਈ ਫੋਨ ਗੁੰਮ ਜਾਂ ਚੋਰੀ ਹੁੰਦਾ ਹੈ, ਤਾਂ ਇਹ ਸਿਰਫ਼ ਇਕ ਵਸਤੂ ਨਹੀਂ, ਸਗੋਂ ਜੀਵਨ ਦਾ ਇਕ ਹਿੱਸਾ ਖੋ ਜਾਣ ਵਰਗਾ ਹੁੰਦਾ ਹੈ। ਪੁਲਿਸ ਨੇ ਇਸ ਗੱਲ ਨੂੰ ਸਮਝਦਿਆਂ ਹਰ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ।

ਹਰਵਿੰਦਰ ਸਿੰਘ ਵਿਰਕ ਸੀਨੀਅਰ ਪੁਲਿਸ ਕਪਤਾਨ ਨੇ ਕਿਹਾ ਕਿ, “ਜਨਤਾ ਦਾ ਵਿਸ਼ਵਾਸ ਸਾਡੇ ਲਈ ਸਭ ਤੋਂ ਵੱਡੀ ਤਾਕਤ ਹੈ। ਇਹ ਸਾਡਾ ਫਰਜ਼ ਹੈ ਕਿ ਅਸੀਂ ਹਰ ਨਾਗਰਿਕ ਦੀ ਚਿੰਤਾ ਨੂੰ ਆਪਣਾ ਸਮਝੀਏ। ਸਾਈਬਰ ਕ੍ਰਾਈਮ ਤੇ ਮੋਬਾਇਲ ਟਰੈਕਿੰਗ ਟੀਮ ਨੇ ਇਸ ਮੁਹਿੰਮ ਨੂੰ ਦਿਲੋਂ ਲੈ ਕੇ ਕੀਤਾ, ਜਿਸ ਕਾਰਨ ਅੱਜ 110 ਪਰਿਵਾਰਾਂ ਦੇ ਚਿਹਰਿਆਂ ‘ਤੇ ਖੁਸ਼ੀ ਵਾਪਸ ਆਈ ਹੈ।

ਸਰਬਜੀਤ ਰਾਏ ਪੁਲਿਸ ਕਪਤਾਨ (ਇਨਵੈਸਟੀਗੇਸ਼ਨ) ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਪੁਲਿਸ ਨੇ ਆਨਲਾਈਨ ਡੇਟਾ ਵਿਸ਼ਲੇਸ਼ਣ, IMEI ਡੀਟੇਕਸ਼ਨ ਸਿਸਟਮ ਅਤੇ ਡਿਜੀਟਲ ਨੈਟਵਰਕ ਟ੍ਰੇਸਿੰਗ ਜਿਹੇ ਆਧੁਨਿਕ ਤਰੀਕਿਆਂ ਦੀ ਵਰਤੋਂ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਗੁੰਮਸ਼ੁਦਾ ਮੋਬਾਇਲ ਜਾਂ ਚੋਰੀ ਦੀ ਘਟਨਾ ਨੂੰ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣ, ਤਾਂ ਜੋ ਕਾਰਵਾਈ ਸਮੇਂ ਸਿਰ ਹੋ ਸਕੇ।

ਦਿਵਾਲੀ ਦੇ ਮੌਕੇ ‘ਤੇ ਪੁਲਿਸ ਵੱਲੋਂ ਕੀਤੀ ਗਈ ਇਹ ਮੁਹਿੰਮ ਇਕ ਰੌਸ਼ਨੀ ਦੀ ਲਹਿਰ ਵਾਂਗ ਹੈ, ਜਿਸ ਨੇ ਲੋਕਾਂ ਦੇ ਦਿਲਾਂ ਵਿੱਚ ਭਰੋਸੇ ਦੀ ਜੋਤ ਜਗਾਈ ਹੈ। ਜਿਵੇਂ ਦਿਵਾਲੀ ‘ਤੇ ਘਰਾਂ ਵਿੱਚ ਚਾਨਣ ਹੁੰਦਾ ਹੈ, ਤਿਵੇਂ ਅੱਜ ਪੁਲਿਸ ਨੇ ਲੋਕਾਂ ਦੇ ਦਿਲਾਂ ਵਿੱਚ ਸੁਰੱਖਿਆ ਤੇ ਵਿਸ਼ਵਾਸ ਦਾ ਚਾਨਣ ਕੀਤਾ ਹੈ।