ਵਰਿੰਦਰ ਘੁੰਮਣ ਦੀ ਮੌਤ ‘ਤੇ ਪਰਿਵਾਰ ਨੇ ਉਠਾਏ ਸਵਾਲ: “ਇਹ ਮੌਤ ਨਹੀਂ, ਸਾਜ਼ਿਸ਼ ਹੈ” — ਇਨਸਾਫ਼ ਦੀ ਮੰਗ ਨਾਲ Instagram ‘ਤੇ ਪੋਸਟ

ਜਲੰਧਰ (ਪੰਕਜ ਸੋਨੀ) :-ਪੰਜਾਬ ਦੇ ਮਸ਼ਹੂਰ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਐਕਟਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਨੂੰ ਇੱਕ ਹਫ਼ਤਾ ਬੀਤ ਗਿਆ ਹੈ, ਪਰ ਹੁਣ ਪਰਿਵਾਰ ਨੇ ਇਸ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪਰਿਵਾਰ ਵੱਲੋਂ ਉਨ੍ਹਾਂ ਦੇ ਅਧਿਕਾਰਿਕ ਇੰਸਟਾਗ੍ਰਾਮ ਪੇਜ ‘ਤੇ “#JusticeForVarinderGhuman” ਹੈਸ਼ਟੈਗ ਨਾਲ ਪੋਸਟ ਕਰਦੇ ਹੋਏ ਲਿਖਿਆ ਗਿਆ — “We demand justice, ਇਹ ਮੌਤ ਨਹੀਂ ਸਗੋਂ ਸਾਜ਼ਿਸ਼ ਹੈ।”

“ਵਰਿੰਦਰ ਘੁੰਮਣ ਸਿਰਫ ਬਾਡੀ ਬਿਲਡਰ ਨਹੀਂ, ਪੰਜਾਬ ਦਾ ਮਾਣ ਸੀ”

ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਪੋਸਟ ‘ਚ ਪਰਿਵਾਰ ਨੇ ਲਿਖਿਆ ਕਿ ਵਰਿੰਦਰ ਘੁੰਮਣ ਇਹ ਅੰਜਾਮ ਡਿਜ਼ਰਵ ਨਹੀਂ ਕਰਦਾ ਸੀ। ਉਹ ਸਿਰਫ ਬਾਡੀ ਬਿਲਡਰ ਨਹੀਂ ਸਗੋਂ ਪੰਜਾਬ ਦਾ ਪ੍ਰਾਇਡ, ਇੰਡੀਆ ਦਾ ਆਈਕਾਨ ਅਤੇ ਫਿਟਨੈੱਸ ਦੀ ਪਹਿਚਾਣ ਸੀ।

“ਇਹ ਮੌਤ ਨਹੀਂ, ਸਵਾਲਾਂ ਦਾ ਸਮੁੰਦਰ ਹੈ”

ਪਰਿਵਾਰ ਨੇ ਪੋਸਟ ਵਿੱਚ ਲਿਖਿਆ — “ਵਰਿੰਦਰ ਦੀ ਮੌਤ ਇੱਕ ਸਵਾਲ ਨਹੀਂ, ਸਵਾਲਾਂ ਦਾ ਸਮੁੰਦਰ ਹੈ। ਇਹ ਸਾਫ਼ ਤੌਰ ‘ਤੇ ਮੈਡੀਕਲ ਨੇਗਲਿਜੈਂਸੀ ਦਾ ਕੇਸ ਹੈ। ਕੀ ਇਸ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ?”
ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਜੇ ਮੌਤ ਕੁਦਰਤੀ ਸੀ ਤਾਂ ਬਾਡੀ ਦਾ ਰੰਗ ਨੀਲਾ ਕਿਵੇਂ ਹੋ ਗਿਆ? ਓਪਰੇਸ਼ਨ ਥੀਏਟਰ ਦੀਆਂ ਵੀਡੀਓਜ਼ ਤੇ ਹੋਰ ਸਬੂਤ ਕਿੱਥੇ ਹਨ? ਪਰਿਵਾਰ ਨੇ ਕਿਹਾ ਕਿ ਉਹ ਕਿਸੇ ‘ਤੇ ਦੋਸ਼ ਨਹੀਂ ਲਾ ਰਹੇ ਪਰ ਸੱਚ ਸਾਹਮਣੇ ਆਉਣਾ ਚਾਹੀਦਾ ਹੈ।

“ਹਰ ਦਿਲ ਵਿੱਚ ਇੱਕ ਹੀ ਆਵਾਜ਼ – ਜਸਟਿਸ ਫਾਰ ਵਰਿੰਦਰ ਘੁੰਮਣ”

ਪਰਿਵਾਰ ਨੇ ਲਿਖਿਆ ਕਿ ਵਰਿੰਦਰ ਘੁੰਮਣ ਦੇ ਚਾਹੁਣ ਵਾਲੇ ਸਿਰਫ਼ ਦੇਸ਼ ‘ਚ ਹੀ ਨਹੀਂ, ਵਿਦੇਸ਼ਾਂ ਵਿੱਚ ਵੀ ਹਨ। ਹਰ ਦਿਲ ਵਿੱਚ ਇੱਕ ਹੀ ਸਵਾਲ ਗੂੰਜ ਰਿਹਾ ਹੈ — “ਉਸਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।”

ਮੌਤ ਤੋਂ ਬਾਅਦ ਦੋਸਤਾਂ ਨੇ ਵੀ ਉਠਾਏ ਸਵਾਲ

9 ਅਕਤੂਬਰ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਓਪਰੇਸ਼ਨ ਦੌਰਾਨ ਵਰਿੰਦਰ ਘੁੰਮਣ ਨੂੰ ਦੋ ਹਾਰਟ ਅਟੈਕ ਆਏ ਸਨ। ਉਸ ਸਮੇਂ ਉਨ੍ਹਾਂ ਦੇ ਦੋਸਤਾਂ ਅਤੇ ਡਾਕਟਰਾਂ ਵਿਚਕਾਰ ਤਕਰਾਰ ਵੀ ਹੋਈ ਸੀ। ਦੋਸਤ ਅਨਿਲ ਗਿੱਲ ਨੇ ਕਿਹਾ ਸੀ ਕਿ ਇੱਕਦਮ ਨਾਲ ਘੁੰਮਣ ਦੀ ਬਾਡੀ ਨੀਲੀ ਕਿਵੇਂ ਪੈ ਗਈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।

ਜਿਮ ‘ਚ ਐਕਸਰਸਾਈਜ਼ ਦੌਰਾਨ ਦਬੀ ਸੀ ਨਸ

ਘੁੰਮਣ ਜਲੰਧਰ ਦੇ ਮਾਡਲ ਹਾਊਸ ਇਲਾਕੇ ‘ਚ ਆਪਣੇ ਜਿਮ ‘ਚ ਐਕਸਰਸਾਈਜ਼ ਕਰ ਰਹੇ ਸਨ ਜਦੋਂ ਉਨ੍ਹਾਂ ਦੇ ਕੰਧੇ ਦੀ ਨਸ ਦਬ ਗਈ। ਤਬੀਅਤ ਬਿਗੜਣ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਹ ਜ਼ਿੰਦਗੀ ਦੀ ਜੰਗ ਹਾਰ ਗਏ।

ਮੰਤਰੀ ਨੇ ਦਿੱਤਾ ਸੀ ਇਨਸਾਫ਼ ਦਾ ਭਰੋਸਾ

ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਕਿਹਾ ਸੀ ਕਿ ਘੁੰਮਣ ਦੀ ਮੌਤ ਦੇ ਪਿੱਛੇ ਜੋ ਵੀ ਕਾਰਨ ਹੋਣਗੇ, ਪੂਰੀ ਜਾਂਚ ਕਰਵਾਈ ਜਾਵੇਗੀ ਤੇ ਜਿੰਮੇਵਾਰਾਂ ‘ਤੇ ਕਾਰਵਾਈ ਹੋਵੇਗੀ।

ਬਾਲੀਵੁਡ ‘ਚ ਵੀ ਛੱਡੀ ਸੀ ਛਾਪ

43 ਸਾਲਾ ਵਰਿੰਦਰ ਘੁੰਮਣ ਦਾ ਜਨਮ 28 ਦਸੰਬਰ 1982 ਨੂੰ ਗੁਰਦਾਸਪੁਰ ਦੇ ਤਲਵੰਡੀ ਵਿੱਚ ਹੋਇਆ ਸੀ। ਉਹ ਲਾਇਲਪੁਰ ਖਾਲਸਾ ਕਾਲਜ ਤੋਂ ਐਮਬੀਏ ਕਰ ਚੁੱਕੇ ਸਨ। ਘੁੰਮਣ ਨੇ ਸਲਮਾਨ ਖਾਨ ਨਾਲ ਟਾਈਗਰ-3 ਵਿੱਚ ਕੰਮ ਕੀਤਾ ਸੀ ਅਤੇ ਮਿਸਟਰ ਇੰਡੀਆ ਦਾ ਖਿਤਾਬ ਵੀ ਜਿੱਤਿਆ ਸੀ।

ਮੌਤ ਤੋਂ ਸਿਰਫ ਛੇ ਦਿਨ ਪਹਿਲਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸੀ —

“ਕਿਸਮਤ ਵਿੱਚ ਲਿਖੇ ‘ਤੇ ਕਿਸੇ ਦਾ ਜ਼ੋਰ ਨਹੀਂ। ਆਦਮੀ ਕੁਝ ਹੋਰ ਸੋਚਦਾ ਹੈ, ਪਰ ਰੱਬ ਕੁਝ ਹੋਰ।”