ਅੱਜ ਪੂਰੇ ਭਾਰਤ ‘ਚ ਕਰਵਾ ਚੌਥ ਦਾ ਤਿਉਹਾਰ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਹਿੰਦੂ ਧਰਮ ਅਨੁਸਾਰ ਇਹ ਦਿਨ ਵਿਆਹੁਤਾ ਔਰਤਾਂ ਲਈ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦਿਨ ਸੁਹਾਗਣ ਔਰਤਾਂ 16 ਸ਼ਿੰਗਾਰ ਕਰਕੇ ਆਪਣੇ ਪਤੀ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਸੁਖੀ ਵਿਆਹੁਦਾ ਜੀਵਨ ਦੀ ਕਾਮਨਾ ਕਰਦੀਆਂ ਹਨ। ਕਰਵਾ ਚੌਥ ਸਿਰਫ਼ ਵਰਤ ਨਹੀਂ, ਸਗੋਂ ਪਤੀ-ਪਤਨੀ ਦੇ ਪਿਆਰ ਅਤੇ ਸਮਰਪਣ ਦਾ ਪ੍ਰਤੀਕ ਵੀ ਹੈ। ਇਹ ਤਿਉਹਾਰ ਖ਼ਾਸ ਤੌਰ ‘ਤੇ ਉੱਤਰ ਭਾਰਤ ਦੇ ਸੂਬਿਆਂ- ਪੰਜਾਬ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ‘ਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਧਾਰਮਿਕ ਵਿਸ਼ਵਾਸ ਹੈ ਕਿ ਇਸ ਵਰਤ ਦੇ ਨਾਲ ਅਖੰਡ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ।

ਮੰਤਰ ਦਾ ਕਰੋ ਜਾਪ
ਪੌਰਾਣਿਕ ਕਥਾਵਾਂ ਅਨੁਸਾਰ, ਕਰਵਾ ਚੌਥ ਦੇ ਦਿਨ ਭਗਵਾਨ ਸ਼ਿਵ, ਮਾਤਾ ਪਾਰਵਤੀ ਅਤੇ ਭਗਵਾਨ ਗਣੇਸ਼ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਜੋਤਿਸ਼ ਅਨੁਸਾਰ, ਇਸ ਦਿਨ ਔਰਤਾਂ ਨੂੰ ਲਾਲ, ਪੀਲੇ ਜਾਂ ਗੁਲਾਬੀ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਕਾਲੇ ਰੰਗ ਦੇ ਕੱਪੜੇ ਪਹਿਨਣ ਤੋਂ ਬਚਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ‘ਓਮ ਨਮਃ ਸ਼ਿਵਾਯ’ ਮੰਤਰ ਦਾ 108 ਵਾਰ ਜਾਪ ਕਰਨ ਨਾਲ ਜੀਵਨ ‘ਚ ਸ਼ਾਂਤੀ ਅਤੇ ਸੁੱਖ ਆਉਂਦਾ ਹੈ।

ਘਰ ਦੇ ਭੋਜਨ ਦਾ ਕਰੋ ਸੇਵਨ
ਕਰਵਾ ਚੌਥ ਦੀ ਪੂਜਾ ਦੇ ਸਮੇਂ ਕਰਵੇ ‘ਚ ਪਾਣੀ ਭਰ ਕੇ ਮਾਤਾ ਪਾਰਵਤੀ ਦੇ ਸਾਹਮਣੇ ਰੱਖੋ। ਮਾਨਤਾ ਹੈ ਕਿ ਇਹ ਕਰਵਾ ਤੁਹਾਡੇ ਪਤੀ ਦੀ ਲੰਬੀ ਉਮਰ ਅਤੇ ਸਿਹਤ ਦਾ ਪ੍ਰਤੀਕ ਹੁੰਦਾ ਹੈ। ਪੂਜਾ ਤੋਂ ਬਾਅਦ ਇਹ ਜਲ ਤੁਲਸੀ ਜਾਂ ਪਿੱਪਲ ਦੇ ਰੁੱਖ ਦੀ ਜੜ੍ਹ ‘ਚ ਚੜ੍ਹਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਇਸ ਦਿਨ ਘਰ ਦਾ ਬਣਿਆ ਭੋਜਨ ਹੀ ਪ੍ਰਸਾਦ ਰੂਪ ‘ਚ ਸੇਵਨ ਕਰਨਾ ਚਾਹੀਦਾ ਹੈ, ਕਿਉਂਕਿ ਇਹ ਵਰਤ ਪਵਿੱਤਰਤਾ ਦਾ ਪ੍ਰਤੀਕ ਹੈ।

ਲੋੜਵੰਦਾਂ ਨੂੰ ਕਰੋ ਦਾਨ
ਇਸ ਤੋਂ ਇਲਾਵਾ, ਸ਼ਾਮ ਦੇ ਸਮੇਂ ਕਿਸੇ ਬ੍ਰਾਹਮਣ ਜਾਂ ਲੋੜਵੰਦ ਔਰਤ ਨੂੰ ਭੋਜਨ ਕਰਵਾਉਣਾ ਜਾਂ ਸੁਹਾਗ ਸਮੱਗਰੀ (ਚੂੜੀਆਂ, ਬਿੰਦੀ, ਸਿੰਧੂਰ, ਕੰਗੀ ਆਦਿ) ਦਾ ਦਾਨ ਕਰਨਾ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ। ਚੰਨ ਨੂੰ ਅਰਘ ਦਿੰਦਿਆਂ ਪਤੀ ਦਾ ਨਾਮ ਮਨ ‘ਚ ਲੈ ਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਰਿਸ਼ਤੇ ‘ਚ ਹਮੇਸ਼ਾ ਪਿਆਰ ਬਣਿਆ ਰਹੇ। ਚੰਨ ਦੇ ਦਰਸ਼ਨ ਤੋਂ ਬਾਅਦ ਘਰ ਦੀ ਖਿੜਕੀ ਜਾਂ ਵੇਹੜੇ ‘ਚ ਦੀਵਾ ਜਗਾਉਣ ਦੀ ਵੀ ਪਰੰਪਰਾ ਹੈ, ਜੋ ਸੁਭਾਗ ਅਤੇ ਸਕਾਰਾਤਮਕ ਊਰਜਾ ਦਾ ਪ੍ਰਤੀਕ ਮੰਨੀ ਜਾਂਦੀ ਹੈ।

















