ਪ੍ਰਸ਼ਾਸਨ ਦੀ ਮਿਲੀ ਭਗਤ ਨਾਲ “Dry Day” ਤੇ ਖੁਲ੍ਹੇ ਸ਼ਰੇਆਮ ਸ਼ਰਾਬ ਦੇ ਠੇਕੇ, ਕੌਣ ਜ਼ਿਮੇਵਾਰ, ਪ੍ਰਸ਼ਾਸ਼ਨ ਜਾਂ ਲੋਕ ?

Oplus_131072

ਜਲੰਧਰ (ਪੰਕਜ ਸੋਨੀ/ਹਨੀ ਸਿੰਘ) – ਜਿੱਥੇ ਇੱਕ ਪਾਸੇ ਸਰਕਾਰ ਹਰ ਸਾਲ 2 ਅਕਤੂਬਰ ਨੂੰ ਡ੍ਰਾਈ ਡੇ ਐਲਾਨ ਕਰਕੇ ਸ਼ਰਾਬ ਦੇ ਸਾਰੇ ਠੇਕੇ ਬੰਦ ਰੱਖਣ ਦਾ ਦਾਅਵਾ ਕਰਦੀ ਹੈ, ਉੱਥੇ ਹੀ ਦੂਜੇ ਪਾਸੇ ਸਾਡੀ ਸਟਿੰਗ ਟੀਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਐਸੀ ਤਸਵੀਰਾਂ ਕੈਦ ਕੀਤੀਆਂ ਜੋ ਲੋਕਾਂ ਨੂੰ ਹੈਰਾਨ ਕਰ ਗਈਆਂ।

ਸ਼ਹਿਰ ਵਿੱਚ ਕਰੀਬ 70 ਦੇ ਕਰੀਬ ਠੇਕੇ ਖੁੱਲ੍ਹੇ ਮਿਲੇ, ਜਿਸ ਨਾਲ ਐਕਸਾਈਜ਼ ਵਿਭਾਗ ਅਤੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ। ਕੀ ਵਿਭਾਗ ਦੇ ਅਧਿਕਾਰੀ, ਇੰਸਪੈਕਟਰ, ਈ.ਟੀ.ਓ. ਜਾਂ ਏ.ਟੀ.ਸੀ. ਸ਼ਰਾਬ ਦੇ ਨਸ਼ੇ ਵਿੱਚ ਸਨ ਜਾਂ ਫਿਰ ਪੈਸੇ ਦੇ ਲਾਲਚ ਨੇ ਉਨ੍ਹਾਂ ਦੀਆਂ ਅੱਖਾਂ ਬੰਦ ਕਰ ਦਿੱਤੀਆਂ? ਜਦੋਂ ਸਾਡੀ ਟੀਮ ਨੇ ਇਨ੍ਹਾਂ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਈ ਵੀ ਕੈਮਰੇ ਅੱਗੇ ਆਉਣ ਲਈ ਤਿਆਰ ਨਹੀਂ ਸੀ, ਸਾਰੇ ਟਾਲਮਟੋਲ ਕਰਦੇ ਰਹੇ। ਬਾਵਾ ਖੇਲ ‘ਚ ਸ਼ੁਰੂਆਤ ਹੀ ਧਮਾਕੇਦਾਰ –
ਸ਼ਾਮ ਕਰੀਬ 5 ਵਜੇ ਜਦੋਂ ਸਾਡੀ ਟੀਮ ਬਾਵਾ ਖੇਲ ਪੁੱਜੀ ਤਾਂ ਪੈਟਰੋਲ ਪੰਪ ਦੇ ਨਾਲ ਤੇ ਨਹਿਰ ਦੇ ਕਿਨਾਰੇ ਪਏ ਦੋਵੇਂ ਠੇਕੇ ਖੁੱਲੇ ਪਏ ਸਨ। ਜਿਵੇਂ ਹੀ ਰਿਕਾਰਡਿੰਗ ਸ਼ੁਰੂ ਹੋਈ, ਬਾਹਰ ਖੜ੍ਹੇ ਖਰੀਦਦਾਰ ਦੌੜ ਪਏ।

⚠️ 120 ਫੁੱਟੀ ਰੋਡ ‘ਤੇ ਹੈਰਾਨੀਜਨਕ ਨਜ਼ਾਰਾ –
ਥਾਣੇ ਦੇ ਕੋਲ ਹੀ ਇੱਕ ਠੇਕੇ ਦਾ ਸ਼ਟਰ ਤਾਂ ਬੰਦ ਸੀ ਪਰ ਸ਼ਟਰ ਵਿੱਚੋਂ ਕਟਿੰਗ ਕਰਕੇ ਗਾਹਕਾਂ ਨੂੰ ਸ਼ਰਾਬ ਦਿੱਤੀ ਜਾ ਰਹੀ ਸੀ। ਸਾਡੀ ਟੀਮ ਨੇ ਜਿਵੇਂ ਹੀ ਪੁੱਜ ਕੇ ਰਿਕਾਰਡਿੰਗ ਕੀਤੀ, ਲੋਕ ਇੱਥੋਂ ਵੀ ਭੱਜਣ ਲੱਗ ਪਏ।

ਅੰਬੇਡਕਰ ਚੌਕ ਤੋਂ ਲੈ ਕੇ ਭਗਵਾਨ ਵਲਮੀਕੀ ਚੌਕ ਤੱਕ –
ਡਾ. ਭੀਮ ਰਾਵ ਅੰਬੇਡਕਰ ਚੌਕ ਦੀ ਮਾਰਕੀਟ, ਲਵ ਕੁਸ਼ ਚੌਕ (ਮਿਲਾਪ ਚੌਕ) ਅਤੇ ਵਲਮੀਕੀ ਚੌਕ – ਹਰ ਜਗ੍ਹਾ ਵਾਈਨ ਸ਼ਾਪਾਂ ਖੁੱਲੀਆਂ ਮਿਲੀਆਂ। ਜਦੋਂ ਸਾਡੀ ਟੀਮ ਨੇ ਪੁੱਛਗਿੱਛ ਕੀਤੀ ਤਾਂ ਠੇਕੇਦਾਰਾਂ ਨੇ ਚੁੱਪੀ ਸਾਧ ਲਈ।

ਬੀ.ਐਮ.ਸੀ. ਚੌਕ ਤੇ ਬੀ.ਐਸ.ਐਫ. ਚੌਕ –
ਬੀ.ਐਮ.ਸੀ. ਚੌਕ ਵਾਲੀ ਵਾਈਨ ਸ਼ਾਪ ਹੋਵੇ ਜਾਂ ਬੀ.ਐਸ.ਐਫ. ਚੌਕ ਦੇ ਸ਼ਾਪ ਤੇ ਨਾਲ ਲੱਗਦਾ ਅਹਾਤਾ – ਸਾਰੇ ਖੁੱਲੇ ਪਾਏ ਗਏ। ਇਥੋਂ ਤੱਕ ਕਿ ਬੂਰ ਮੰਡੀ ਅਤੇ ਰਾਮਾਮੰਡੀ ਫਲਾਈਓਵਰ ਹੇਠਾਂ ਹੋਸ਼ਿਆਰਪੁਰ ਰੋਡ ‘ਤੇ ਲੱਗੇ ਛੇ ਵੱਖਰੇ ਠੇਕੇ ਵੀ ਪੂਰੀ ਤਰ੍ਹਾਂ ਚਲਦੇ ਹੋਏ ਮਿਲੇ।

ਮਾਡਲ ਟਾਊਨ ਦਾ ਹਾਲ ਵੀ ਉਹੀ –
ਰਾਮਾਮੰਡੀ ਚੌਕ ਦੇ ਬਾਹਰ ਹੋਵੇ ਜਾਂ ਮਾਡਲ ਟਾਊਨ – ਹਰ ਜਗ੍ਹਾ ਸ਼ਰਾਬੀ ਆਜ਼ਾਦੀ ਨਾਲ ਖਰੀਦਦਾਰੀ ਕਰਦੇ ਮਿਲੇ, ਅਤੇ ਅਹਾਤੇ ਤੱਕ ਖੁੱਲੇ ਪਾਏ ਗਏ।

❓ ਸਵਾਲਾਂ ਦੇ ਘੇਰੇ ਵਿੱਚ ਪ੍ਰਸ਼ਾਸਨ –
ਹੁਣ ਵੱਡਾ ਸਵਾਲ ਇਹ ਹੈ ਕਿ 2 ਅਕਤੂਬਰ ਵਰਗੇ ਡ੍ਰਾਈ ਡੇ ‘ਤੇ ਜਦੋਂ ਸ਼ਹਿਰ ਦੇ ਲਗਭਗ ਹਰ ਚੌਕ-ਚੌਰਾਹੇ ਤੇ ਸ਼ਰਾਬ ਦੇ ਠੇਕੇ ਖੁੱਲੇ ਮਿਲੇ, ਕੀ ਐਕਸਾਈਜ਼ ਵਿਭਾਗ ਅਤੇ ਪੁਲਿਸ ਦੇ ਅਧਿਕਾਰੀ ਵੀ ਮਿਲੀਭੁਗਤ ਨਾਲ ਅੱਖਾਂ ਮੂੰਦ ਕੇ ਬੈਠ ਗਏ ਸਨ? ਜਾਂ ਫਿਰ ਪੈਸੇ ਦੇ ਨਸ਼ੇ ਨੇ ਕਾਨੂੰਨ ਨੂੰ ਵੀ ਖਰੀਦ ਲਿਆ?

ਲੋਕ ਕਹਿ ਰਹੇ ਹਨ – “ਜੇਕਰ ਡ੍ਰਾਈ ਡੇ ‘ਤੇ ਹੀ ਸ਼ਹਿਰ ‘ਚ ਖੁੱਲ੍ਹੇਆਮ ਸ਼ਰਾਬ ਵੇਚੀ ਜਾ ਰਹੀ ਹੈ, ਤਾਂ ਫਿਰ ਸਰਕਾਰ ਦੇ ਨਿਯਮ ਸਿਰਫ ਕਾਗਜ਼ਾਂ ‘ਚ ਹੀ ਹਨ।”

ਸਾਡੀ ਟੀਮ ਵੱਲੋਂ ਕੈਦ ਕੀਤੀਆਂ ਤਸਵੀਰਾਂ ਤੇ ਵੀਡੀਓਆਂ ਸਾਫ਼ ਸਬੂਤ ਹਨ ਕਿ ਜਲੰਧਰ ‘ਚ ਡ੍ਰਾਈ ਡੇ ਦਾ ਮਖੌਲ ਬਣਿਆ।