ਜਲੰਧਰ: ਮੈਡੀਕਲ ਸਟੋਰ ‘ਚ ਫਿਲਮੀ ਅੰਦਾਜ਼ ‘ਚ ਲੁੱਟ, 40 ਸਕਿੰਟ ‘ਚ ਦਿੱਤਾ ਵਾਰਦਾਤ ਨੂੰ ਅੰਜਾਮ, ਇਕ ਕਾਬੂ, ਦੋ ਫਰਾਰ !

ਜਲੰਧਰ, 30 ਸਤੰਬਰ (ਹਨੀ ਸਿੰਘ/ਪੰਕਜ਼ ਸੋਨੀ): ਜਲੰਧਰ ਦੇ ਲੱਦੇਵਾਲੀ ਇਲਾਕੇ ‘ਚ ਸੋਮਵਾਰ ਦੀ ਸ਼ਾਮ ਇਕ ਮੈਡੀਕਲ ਸਟੋਰ ‘ਚ ਫਿਲਮੀ ਅੰਦਾਜ਼ ‘ਚ ਲੁੱਟ ਦੀ ਵਾਰਦਾਤ ਸਾਹਮਣੇ ਆਈ। ਦੋ ਨਕਾਬਪੋਸ਼ ਨੌਜਵਾਨ ਮਾਤਰ 35 ਤੋਂ 40 ਸਕਿੰਟਾਂ ‘ਚ ਕ੍ਰਿਸ਼ਨਾ ਮੈਡੀਕਲ ਸਟੋਰ ‘ਚ ਦਾਖਲ ਹੋਏ, ਤੇ ਨਕਦੀ ਲੁੱਟ ਕੇ ਫਰਾਰ ਹੋ ਗਏ।

ਵਾਰਦਾਤ ਵੇਲੇ ਦੁਕਾਨ ‘ਚ ਸਿਰਫ਼ ਮਾਲਿਕ ਬਲਵਿੰਦਰ ਹੀ ਮੌਜੂਦ ਸੀ। ਨਕਾਬਪੋਸ਼ਾਂ ਨੇ ਕੁਲ੍ਹਾੜੀ ਦੇ ਖ਼ੌਫ਼ ਨਾਲ ਮਾਲਿਕ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਮਾਲਿਕ ਨੇ ਆਪਣੀ ਜਾਨ ਬਚਾਉਣ ਲਈ ਅੰਦਰ ਵਾਲੀ ਸਾਈਡ ਵੱਲ ਦੌੜ ਲਾਈ। ਇਸ ਦੌਰਾਨ ਇਕ ਲੁਟੇਰਾ ਕੈਸ਼ ਕਾਊਂਟਰ ਦੇ ਅੰਦਰ ਘੁੱਸ ਗਿਆ ਤੇ ਲਗਭਗ ₹5,000 ਦੀ ਨਕਦੀ ਚੁੱਕ ਕੇ ਭੱਜ ਪਿਆ।

ਦੂਸਰਾ ਨਕਾਬਪੋਸ਼ ਦਰਵਾਜ਼ੇ ਕੋਲ ਖੜਾ ਰਿਹਾ। ਪਰ ਇਨ੍ਹਾਂ ਦੀਆਂ ਹਰਕਤਾਂ ਨੇ ਅੜੋਸ-ਪੜੋਸ ਦੇ ਲੋਕਾਂ ਦਾ ਧਿਆਨ ਖਿੱਚ ਲਿਆ। ਲੋਕਾਂ ਨੇ ਤੁਰੰਤ ਸ਼ੋਰ ਮਚਾਇਆ ਤੇ ਇਕ ਲੁਟੇਰੇ ਨੂੰ ਭੱਜਣ ਵੇਲੇ ਕਾਬੂ ਕਰ ਲਿਆ। ਜਦਕਿ ਹੋਰ ਦੋ ਲੁਟੇਰੇ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਰਹੇ।

ਇਹ ਪੂਰੀ ਘਟਨਾ ਦੁਕਾਨ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ‘ਚ ਕੈਦ ਹੋ ਗਈ ਹੈ। ਪੁਲਿਸ ਨੇ ਲੁਟੇਰੇ ਨੂੰ ਕਾਬੂ ਕਰਕੇ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੋਰ ਦੋ ਭੱਜੇ ਹੋਏ ਆਰੋਪੀਆਂ ਦੀ ਭਾਲ ਜਾਰੀ ਹੈ।