ਦੀਨਾਨਗਰ ( ਪੰਕਜ ਸੋਨੀ ): ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਜਿੱਥੇ ਸੂਬਾ ਸਰਕਾਰ ਨੇ ਸਾਰੇ ਸਕੂਲਾਂ ਵਿਚ ਛੁੱਟੀਆਂ ਕਰ ਦਿੱਤੀਆਂ ਹਨ, ਉਥੇ ਹੀ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਸਰਹੱਦੀ ਪਿੰਡ ਦਬੂੜੀ ਵਿਖੇ ਸਥਿਤ ਨਵੋਦਿਆ ਵਿਦਿਆਲਿਆ ਸਕੂਲ ਵਿਚ 400 ਦੇ ਕਰੀਬ ਵਿਦਿਆਰਥੀ ਅਤੇ ਸਟਾਫ ਮੈਂਬਰ ਸਕੂਲ ਵਿਚ ਫਸੇ ਹੋਣ ਦੀ ਗੱਲ ਸਾਹਮਣੇ ਆਈ ਹੈ। ਛੁੱਟੀਆਂ ਹੋਣ ਦੇ ਬਾਵਜੂਦ ਸਕੂਲ ਖੁੱਲ੍ਹਾ ਹੋਣ ਕਰਕੇ ਵਿਦਿਆਰਥੀਆਂ ਦੀ ਜਾਨ ਖ਼ਤਰੇ ਵਿਚ ਪੈ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਦੋਂ ‘ਜਗ ਬਾਣੀ’ ਵੱਲੋਂ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਨਰੇਸ਼ ਕੁਮਾਰ ਨਾਲ ਫੋਨ ‘ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਕੂਲ ਅੰਦਰ ਕਰੀਬ 400 ਦੇ ਕਰੀਬ ਵਿਦਿਆਰਥੀ ਹਨ ਅਤੇ ਸਟਾਫ ਮੈਂਬਰਾਂ ਸਮੇਤ ਮੈਂ ਵੀ ਸਕੂਲ ਅੰਦਰ ਹਾਜ਼ਰ ਹਾਂ।
ਉਨ੍ਹਾਂ ਕਿਹਾ ਕਿ ਸਕੂਲ ਦੀ ਹੇਠਾਂ ਵਾਲੀ ਬਿਲਡਿੰਗ ਵਿਚ ਪਾਣੀ ਵੜ ਗਿਆ ਹੈ ਅਤੇ ਬੱਚੇ ਅਤੇ ਸਕੂਲ ਸਟਾਫ ਨੂੰ ਹੋਸਟਰਾਂ ਦੀ ਬਿਲਡਿੰਗ ਦੀ ਦੂਸਰੀ ਮੰਜ਼ਿਲ ‘ਤੇ ਪਹੁੰਚਾ ਦਿੱਤਾ ਗਿਆ ਹੈ ਅਤੇ ਜਿੱਥੇ ਵਿਦਿਆਰਥੀ ਅਤੇ ਸਟਾਫ ਬਿਲਕੁਲ ਸੁਰੱਖਿਅਤ ਹਨ। ਉਧਰ ਦੂਜੇ ਪਾਸੇ ਕੁਝ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਮਾਪਿਆਂ ਨੇ ਇਹ ਵੀ ਦੱਸਿਆ ਕਿ ਪਾਣੀ ਦਾ ਅਚਾਨਕ ਪੱਧਰ ਵਧਣ ਕਾਰਨ ਬੱਚਿਆਂ ਨੂੰ ਸਕੂਲ ਅੰਦਰ ਹੀ ਠਹਿਰਨ ਲਈ ਮਜਬੂਰ ਹੋਣਾ ਪਿਆ ਹੈ ਉਹਨਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਬੱਚਿਆਂ ਨੂੰ ਤੁਰੰਤ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਵੇ। ਦੂਜੇ ਪਾਸੇ ਸਕੂਲ ਮੈਨੇਜਮੈਂਟ ਦੀ ਨਲਾਇਕੀ ਕਾਰਣ ਵਿਦਿਆਰਥੀਆਂ ਦੀ ਜਾਨ ਖ਼ਤਰੇ ਵਿਚ ਪੈ ਗਈ ਹੈ। ਸਥਾਨਕ ਲੋਕਾਂ ਨੇ ਸਕੂਲ ਮੈਨੇਜਮੈਂਟ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਕੀ ਕਹਿਣਾ ਹੈ ਸਕੂਲ ਮੈਨੇਜਮੈਂਟ ਦਾ
ਇਸ ਸੰਬੰਧੀ ਜਦੋਂ ਜਗ ਬਾਣੀ ਵੱਲੋਂ ਸਕੂਲ ਮੈਨੇਜਮੈਂਟ ਨਾਲ ਗੱਲ ਕੀਤੀ ਗਈ ਅਤੇ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਕੂਲਾਂ ਵਿਚ ਛੁੱਟੀਆਂ ਹੋਣ ਦੇ ਬਾਵਜੂਦ ਵੀ ਸਕੂਲ ਖੋਲ੍ਹ ਕੇ ਬੱਚਿਆਂ ਦੀ ਜਾਨ ਖ਼ਤਰੇ ਵਿਚ ਕਿਉਂ ਪਾਈ ਗਈ ਤਾਂ ਸਕੂਲ ਮੈਨਮੈਂਟ ਨੇ ਗੋਲ-ਮੋਲ ਜਵਾਬ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਅੱਜ ਤੋਂ ਸਕੂਲਾਂ ਵਿਚ ਛੁੱਟੀਆਂ ਕੀਤੀਆਂ ਹਨ ਜਦਕਿ ਪਾਣੀ ਸਕੂਲ ਵਿਚ ਬੀਤੀ ਰਾਤ ਤੋਂ ਆ ਗਿਆ ਸੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਤੇ ਸਟਾਫ ਨੂੰ ਸੁਰੱਖਿਅਤ ਥਾਵਾਂ “ਤੇ ਪਹੁੰਚਾਇਆ ਜਾ ਰਿਹਾ ਹੈ।