ਪੰਜਾਬ ਵਿੱਚ ਜਿੰਮ ਕਰਦੇ ਹੋਏ ਨੌਜਵਾਨਾਂ ਦੇ ਅਚਾਨਕ ਦਿਲ ਦੇ ਦੌਰੇ ਪੈਣ ਦੀਆਂ ਘਟਨਾਵਾਂ ਤੋਂ ਬਾਅਦ ਪੰਜਾਬ ਸਰਕਾਰ ਐਕਸ਼ਨ ਮੋੜ ਦੇ ਵਿਚ ਆ ਗਈ ਹੈ | ਸਰਕਾਰ ਨੇ ਜਿੰਮ ਵਿੱਚ ਵਰਤੇ ਜਾਣ ਵਾਲੇ ਪ੍ਰੋਟੀਨ ਅਤੇ ਸਪਲੀਮੈਂਟਸ ਦੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਉਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਜਾਂ ਨੁਕਸ ਦਾ ਪਤਾ ਲਗਾਇਆ ਜਾ ਸਕੇ।
ਇਸ ਦੇ ਨਾਲ ਹੀ ਅਜਿਹੀਆਂ ਮੌਤਾਂ ਨੂੰ ਰੋਕਣ ਲਈ ਸੀਪੀਆਰ ਸਿਖਲਾਈ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਫੂਡ ਸਪਲੀਮੈਂਟਸ ਅਤੇ ਭੋਜਨ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲੱਗ ਸਕੇ ਕਿ ਲੋਕ ਕੀ ਵਰਤ ਰਹੇ ਹਨ। ਇਸ ਸਬੰਧ ਵਿੱਚ ਸਰਕਾਰ ਦੀ ਕਾਰਵਾਈ ਜਲਦੀ ਹੀ ਸ਼ੁਰੂ ਹੋਵੇਗੀ।
ਸਪਲੀਮੈਂਟਸ ਦੀ ਜਾਂਚ ਦੇ ਨਾਲ ਹੁਣ ਜਿੰਮ ਵਿੱਚ ਹਵਾ ਪ੍ਰਦੂਸ਼ਣ ਅਤੇ ਆਕਸੀਜਨ ਦੇ ਪੱਧਰ ਦੀ ਵੀ ਜਾਂਚ ਕੀਤੀ ਜਾਵੇਗੀ। ਇਹ ਖਦਸ਼ਾ ਹੈ ਕਿ ਜਦੋਂ ਬਹੁਤ ਸਾਰੇ ਲੋਕ ਇਕੱਠੇ ਜਿੰਮ ਕਰਦੇ ਹਨ ਤਾਂ ਜਿੰਮ ਵਿੱਚ ਪ੍ਰਦੂਸ਼ਣ ਦਾ ਪੱਧਰ ਵਧ ਜਾਂਦਾ ਹੈ ਅਤੇ ਆਕਸੀਜਨ ਦਾ ਪੱਧਰ ਡਿੱਗ ਸਕਦਾ ਹੈ। ਇਸ ਦੀ ਜ਼ਿੰਮੇਵਾਰੀ ਪ੍ਰਦੂਸ਼ਣ ਵਿਭਾਗ ਨੂੰ ਸੌਂਪੀ ਜਾਵੇਗੀ।
















