ਜਲੰਧਰ ‘ਚ ਰਾਮਾਮੰਡੀ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਰੇਹੜੀ ਵਾਲਿਆਂ ਵਿਚਾਲੇ ਝਗੜਾ ਹੋ ਗਿਆ। ਝਗੜਾ ਉਸ ਸਮੇਂ ਵੱਧ ਗਿਆ ਜਦੋਂ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਤੰਗ-ਪ੍ਰੇਸ਼ਾਨ ਹੋਕੇ ਰੇਹੜੀ ਵਾਲੇ ਨੇ ਨਗਰ ਨਿਗਮ ਦੀ ਗੱਡੀ ਵਿੱਚੋਂ ਜ਼ਬਤ ਕੀਤੇ ਸਿਲੰਡਰ ਨੂੰ ਜਬਰੀ ਉਤਾਰ ਦਿੱਤਾ। ਇਸ ਤੋਂ ਬਾਅਦ ਰੇਹੜੀ ਵਾਲਿਆਂ ਨੇ ਹੰਗਾਮਾ ਕਰ ਦਿੱਤਾ। ਹਾਲਾਂਕਿ ਕੁਝ ਸਮੇਂ ਬਾਅਦ ਮਾਮਲਾ ਹੱਲ ਹੋ ਗਿਆ ਅਤੇ ਰੇਹੜੀ ਵਾਲਿਆਂ ਦਾ ਸਾਮਾਨ ਵੀ ਵਾਪਸ ਕਰ ਦਿੱਤਾ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਮੂ ਨੇ ਦੱਸਿਆ ਕਿ ਉਹ ਹਰ ਮਹੀਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ 1500 ਰੁਪਏ ਦਿੰਦਾ ਹੈ। ਪਰ ਫਿਰ ਵੀ ਟੀਮ ਅੱਜ ਕਾਰਵਾਈ ਕਰਨ ਪਹੁੰਚੀ। ਪੀੜਤ ਨੇ ਕਿਹਾ- ਪੈਸੇ ਲੈਣ ਤੋਂ ਬਾਅਦ ਵੀ ਨਗਰ ਨਿਗਮ ਦੀ ਟੀਮ ਉਨ੍ਹਾਂ ਦਾ ਸਮਾਨ ਲੈ ਜਾਂਦੀ ਹੈ। ਜਿਸ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਦੌਰਾਨ ਰੇਹੜੀ ਵਾਲਿਆਂ ਦੀ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਹੱਥੋਪਾਈ ਵੀ ਹੋਈ। ਜਿਸ ਦੀਆਂ ਕੁਝ ਫੋਟੋਆਂ ਵੀ ਸਾਹਮਣੇ ਆਈਆਂ ਹਨ।
ਨਗਰ ਨਿਗਮ ਦੇ ਇੰਸਪੈਕਟਰ ਜਨਕ ਰਾਜੀ ਬਾਹਰੀ ਨੇ ਦੱਸਿਆ ਕਿ ਉਕਤ ਸਟਰੀਟ ਵਿਕਰੇਤਾ ਪੈਸੇ ਨਹੀਂ ਦੇ ਰਿਹਾ ਸੀ। ਨਾ ਹੀ ਕੋਈ ਪਰਚੀ ਕੱਟੀ ਗਈ। ਉਹ ਆਪਣੇ ਪਿਤਾ ਦੇ ਬਿਮਾਰ ਹੋਣ ਦੀ ਗੱਲ ਕਹਿ ਕੇ ਪਿੰਡ ਗਿਆ ਸੀ। ਅੱਜ ਜਦੋਂ ਟੀਮ ਕਾਰਵਾਈ ਲਈ ਪਹੁੰਚੀ ਤਾਂ ਰੇਹੜੀ ਵਾਲੇ ਦੀ ਉਨ੍ਹਾਂ ਨਾਲ ਤਿੱਖੀ ਬਹਿਸ ਹੋ ਗਈ।

















