ਜੰਡਿਆਲਾ ਗੁਰੂ: ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਗੈਰ-ਕਾਨੂੰਨੀ ਵਿਸਫੋਟਕ ਸਮੱਗਰੀ ਅਤੇ ਨਾਜਾਇਜ਼ ਹਥਿਆਰਾਂ ਵਿਰੁੱਧ ਕਾਰਵਾਈ ਕਰਦਿਆਂ ਦੋ ਵੱਖ-ਵੱਖ ਮਾਮਲਿਆਂ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪਹਿਲੇ ਮਾਮਲੇ ਵਿੱਚ ਪਿੰਡ ਬੰਡਾਲਾ ਦੀ ਪੱਤੀ ਬਾਜ਼ਕੀ ਵਿਖੇ ਇੱਕ ਕਿਰਾਏ ਦੇ ਮਕਾਨ ਵਿੱਚੋਂ ਪਟਾਕੇ ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ ਬਰਾਮਦ ਕੀਤੀ ਗਈ, ਜਦਕਿ ਦੂਜੇ ਮਾਮਲੇ ਵਿੱਚ ਚਾਰ ਨੌਜਵਾਨਾਂ ਨੂੰ ਗਲੌਕ ਪਿਸਤੌਲ, ਤਿੰਨ ਜ਼ਿੰਦਾ ਰੌਂਦ, ਨਕਦੀ ਅਤੇ ਬਿਨਾਂ ਨੰਬਰ ਵਾਲੇ ਦੋ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ, ਅੰਮ੍ਰਿਤਸਰ ਦਿਹਾਤੀ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਕੰਵਲਪ੍ਰੀਤ ਸਿੰਘ ਚਾਹਲ ਦੇ ਨਿਰਦੇਸ਼ਾਂ ਅਤੇ ਡੀਐੱਸਪੀ ਜੰਡਿਆਲਾ ਗੁਰੂ ਬਲਜੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ।
ਕਿਰਾਏ ਦੇ ਮਕਾਨ ਵਿੱਚੋਂ ਪਟਾਕੇ ਬਣਾਉਣ ਵਾਲੀ ਸਮੱਗਰੀ ਬਰਾਮਦ
ਪੁਲਿਸ ਚੌਕੀ ਬੰਡਾਲਾ ਦੇ ਇੰਚਾਰਜ ਏਐੱਸਆਈ ਜਤਿੰਦਰਪਾਲ ਸਿੰਘ ਨੇ ਮੁਖ਼ਬਰ ਦੀ ਸੂਚਨਾ ਦੇ ਆਧਾਰ ’ਤੇ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦਿਆਂ ਸਾਹਿਬ ਸਿੰਘ ਪੁੱਤਰ ਅਵਤਾਰ ਸਿੰਘ ਅਤੇ ਸ਼ਿਵਾ ਪੁੱਤਰ ਅਵਤਾਰ ਸਿੰਘ, ਦੋਵੇਂ ਵਾਸੀ ਅੰਨਾਗੜ੍ਹ ਗੇਟ ਹਕੀਮਾ, ਅੰਮ੍ਰਿਤਸਰ, ਨੂੰ ਪਿੰਡ ਬੰਡਾਲਾ ਦੀ ਪੱਤੀ ਬਾਜ਼ਕੀ ਵਿਖੇ ਕਿਰਾਏ ਦੇ ਮਕਾਨ ਵਿੱਚੋਂ ਗ੍ਰਿਫ਼ਤਾਰ ਕੀਤਾ।
ਪੁਲਿਸ ਅਨੁਸਾਰ, ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਪਟਾਕੇ ਤਿਆਰ ਕਰਨ ਲਈ ਵਰਤੀ ਜਾਣ ਵਾਲੀ ਸਮੱਗਰੀ ਬਰਾਮਦ ਕੀਤੀ ਗਈ, ਜਿਸ ਵਿੱਚ 300 ਗ੍ਰਾਮ ਪੋਟਾਸ਼, 49.550 ਕਿਲੋਗ੍ਰਾਮ ਕੋਲੇ ਦੇ ਛਰ੍ਹੇ, 18 ਕਿਲੋਗ੍ਰਾਮ ਪਲਾਸਟਿਕ ਪਾਈਪਾਂ ਦੇ ਖੋਲ, 13 ਕਿਲੋਗ੍ਰਾਮ ਲੋਹੇ ਦੇ ਪਾਈਪਾਂ ਦੇ ਖੋਲ, 6 ਕਿਲੋਗ੍ਰਾਮ ਗੋਲ ਪਲਾਸਟਿਕ ਦੇ ਖੋਲ, ਦੋ ਮਸ਼ੀਨਾਂ, ਲੋਹੇ ਦੇ ਅੱਠ ਟੁਕੜੇ, ਸੇਬਾ ਧਾਗੇ ਦੇ 11 ਟੁਕੜੇ, ਚਿੱਟੇ ਧਾਗੇ ਦੇ 32 ਟੁਕੜੇ, ਕਿੱਕਰ ਦੀ ਗੂੰਦ ਦੇ ਪਾਊਡਰ ਦਾ ਇੱਕ ਪੈਕੇਟ, ਇੱਕ ਕਿਲੋਗ੍ਰਾਮ ਚਮਕਦਾਰ ਕਾਗਜ਼ ਅਤੇ ਬ੍ਰਾਂਡ ਸਟਿੱਕਰਾਂ ਦੇ ਛੇ ਬੰਡਲ ਸ਼ਾਮਲ ਹਨ।
ਇਸ ਸਬੰਧੀ ਥਾਣਾ ਜੰਡਿਆਲਾ ਗੁਰੂ ਵਿਖੇ ਐੱਫਆਈਆਰ ਨੰਬਰ 335, ਮਿਤੀ 17 ਅਕਤੂਬਰ 2026 ਨੂੰ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 287 ਅਤੇ 288 ਅਤੇ ਵਿਸਫੋਟਕ ਪਦਾਰਥ ਐਕਟ, 1908 ਦੀਆਂ ਧਾਰਾਵਾਂ 4 ਅਤੇ 5 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਵੱਲੋਂ ਦੋਵਾਂ ਮਾਮਲਿਆਂ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਪੱਤਰਕਾਰ ਦਿਆਲ ਅਰੋੜਾ ਜੰਡਿਆਲਾ ਗੁਰੂ

















