ਚਾਈਨਾ ਡੋਰ ਖ਼ਿਲਾਫ਼ ਨਾਭਾ ਪੁਲਿਸ ਦੀ ਵੱਡੀ ਕਾਰਵਾਈ, 80 ਗੱਟੂ ਚਾਈਨਾ ਡੋਰ ਸਮੇਤ ਇੱਕ ਤਸਕਰ ਕਾਬੂ

ਚਾਈਨਾ ਡੋਰ ਨੂੰ ਲੈ ਕੇ ਸੂਬੇ ਭਰ ਦੀ ਪੁਲਿਸ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀ ਹੈ। ਹਰ ਰੋਜ਼ ਚਾਈਨਾ ਡੋਰ ਕਾਰਨ ਕਿਸੇ ਨਾ ਕਿਸੇ ਵਿਅਕਤੀ ਦੀ ਜਾਨ ਖ਼ਤਰੇ ਵਿੱਚ ਪੈ ਰਹੀ ਹੈ, ਜਦਕਿ ਬੇਜ਼ਬਾਨ ਜਾਨਵਰ ਵੀ ਇਸ ਘਾਤਕ ਡੋਰ ਦਾ ਸ਼ਿਕਾਰ ਬਣ ਰਹੇ ਹਨ। ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ, ਪਰ ਇਸਦੇ ਬਾਵਜੂਦ ਤਸਕਰ ਚੋਰ ਮੋਰੀਆਂ ਦੇ ਰਾਹੀਂ ਮਹਿੰਗੇ ਭਾਅ ’ਤੇ ਇਸ ਦੀ ਤਸਕਰੀ ਕਰ ਰਹੇ ਹਨ।

ਇਸੇ ਕੜੀ ਤਹਿਤ ਨਾਭਾ ਪੁਲਿਸ ਵੱਲੋਂ ਚਾਈਨਾ ਡੋਰ ਦੇ ਖ਼ਿਲਾਫ਼ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਨਾਭਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ 80 ਗੱਟੂ ਚਾਈਨਾ ਡੋਰ ਬਰਾਮਦ ਕੀਤੇ ਹਨ। ਫੜਿਆ ਗਿਆ ਆਰੋਪੀ ਨਾਭਾ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਹਾਲਾਂਕਿ, ਚਾਈਨਾ ਡੋਰ ਵਰਗੇ ਗੰਭੀਰ ਮਾਮਲੇ ਵਿੱਚ ਵੀ ਕਾਨੂੰਨ ਸਖ਼ਤ ਨਾ ਹੋਣ ਕਾਰਨ ਦੋਸ਼ੀ ਨੂੰ ਹਾਜ਼ਰ ਜਮਾਨਤ ਮਿਲ ਗਈ, ਜਿਸ ਤੋਂ ਬਾਅਦ ਉਹ ਘਰ ਵਾਪਸ ਚਲਾ ਗਿਆ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਾਨੂੰਨ ਸਖ਼ਤ ਹੁੰਦਾ ਤਾਂ ਚਾਈਨਾ ਡੋਰ ਦੇ ਤਸਕਰ ਜੇਲ ਦੀਆਂ ਸਲਾਖਾਂ ਪਿੱਛੇ ਹੁੰਦੇ ਅਤੇ ਅੱਗੇ ਤੋਂ ਇਸ ਘਾਤਕ ਡੋਰ ਦੀ ਤਸਕਰੀ ਕਰਨ ਤੋਂ ਪਹਿਲਾਂ ਸੌ ਵਾਰੀ ਸੋਚਦੇ।

ਚਾਈਨਾ ਡੋਰ ਇੱਕ ਅਜਿਹਾ ਖੌਫਨਾਕ ਨਾਮ ਬਣ ਚੁੱਕਾ ਹੈ, ਜਿਸਦਾ ਸ਼ਿਕਾਰ ਹੋਏ ਕਈ ਲੋਕ ਆਪਣੀ ਜਾਨ ਗਵਾ ਬੈਠੇ ਹਨ। ਨੌਜਵਾਨਾਂ ਦੇ ਨਾਲ-ਨਾਲ ਪੰਛੀ ਅਤੇ ਪਸ਼ੂ ਵੀ ਇਸ ਡੋਰ ਦੀ ਚਪੇਟ ਵਿੱਚ ਆ ਕੇ ਮੌਤ ਦਾ ਸ਼ਿਕਾਰ ਹੋ ਰਹੇ ਹਨ। ਇਸਦੇ ਬਾਵਜੂਦ ਤਸਕਰ ਬੇਖੌਫ਼ ਹੋ ਕੇ ਚਾਈਨਾ ਡੋਰ ਵੇਚ ਰਹੇ ਹਨ।

ਨਾਭਾ ਕੋਤਵਾਲੀ ਦੇ ਐਸਐਚਓ ਸੌਰਭ ਸਬਰਵਾਲ ਨੇ ਦੱਸਿਆ ਕਿ ਚਾਈਨਾ ਡੋਰ ’ਤੇ ਪੂਰੀ ਤਰ੍ਹਾਂ ਪਾਬੰਦੀ ਹੈ ਅਤੇ ਪੁਲਿਸ ਵੱਲੋਂ ਤਸਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 80 ਗੱਟੂ ਚਾਈਨਾ ਡੋਰ ਸਮੇਤ ਇੱਕ ਨੌਜਵਾਨ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ, ਪਰ ਕਾਨੂੰਨ ਸਖ਼ਤ ਨਾ ਹੋਣ ਕਾਰਨ ਦੋਸ਼ੀ ਨੂੰ ਹਾਜ਼ਰ ਜਮਾਨਤ ਮਿਲ ਗਈ।

ਐਸਐਚਓ ਨੇ ਸਪਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਚਾਈਨਾ ਡੋਰ ਖ਼ਿਲਾਫ਼ ਸਖ਼ਤ ਕਾਨੂੰਨ ਬਣਾਇਆ ਜਾਵੇ ਤਾਂ ਤਸਕਰਾਂ ਨੂੰ ਜੇਲ ਭੇਜਿਆ ਜਾ ਸਕਦਾ ਹੈ ਅਤੇ ਇਸ ਘਾਤਕ ਰੁਝਾਨ ’ਤੇ ਰੋਕ ਲੱਗ ਸਕਦੀ ਹੈ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਨਾਲ ਪਤੰਗ ਉਡਾਉਣ ਤੋਂ ਰੋਕਣ, ਨਹੀਂ ਤਾਂ ਅਜਿਹੇ ਮਾਮਲੇ ਵਿੱਚ ਮਾਪਿਆਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।