ਰੰਗਦਾਰੀ ਦੀ ਆਸ਼ੰਕਾ: CM ਦੇ ਦੌਰੇ ਤੋਂ ਪਹਿਲਾਂ ਫਗਵਾੜਾ ‘ਚ ਗੋਲੀਕਾਂਡ

ਫਗਵਾੜਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਦੌਰੇ ਤੋਂ ਥੋੜ੍ਹੇ ਸਮੇਂ ਪਹਿਲਾਂ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਸੋਮਵਾਰ ਸਵੇਰੇ ਕਰੀਬ 7 ਵਜੇ ਫਗਵਾੜਾ ਦੇ ਹੋਸ਼ਿਆਰਪੁਰ ਰੋਡ ‘ਤੇ ਸਥਿਤ ਮਸ਼ਹੂਰ ‘ਸੁਧੀਰ ਸਵੀਟ ਸ਼ਾਪ’ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਅੰਨ੍ਹਾਧੁੰਨ ਫਾਇਰਿੰਗ ਕੀਤੀ ਗਈ। ਹਮਲਾਵਰਾਂ ਨੇ ਦੁਕਾਨ ‘ਤੇ ਲਗਾਤਾਰ 7 ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ।

ਗੋਲੀਆਂ ਦੀ ਆਵਾਜ਼ ਨਾਲ ਇਲਾਕੇ ‘ਚ ਹੜਕੰਪ ਮਚ ਗਿਆ। ਲੋਕ ਘਰਾਂ ‘ਚੋਂ ਬਾਹਰ ਨਿਕਲੇ, ਪਰ ਉਦੋਂ ਤੱਕ ਹਮਲਾਵਰ ਭੱਜ ਚੁੱਕੇ ਸਨ। ਦੁਕਾਨ ਦੇ ਸ਼ੀਸ਼ੇ ਟੁੱਟ ਗਏ, ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਦੁਕਾਨ ਮਾਲਕ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ।

ਪੁਲਿਸ ਦੇ ਸੀਨੀਅਰ ਅਫ਼ਸਰ ਮੌਕੇ ‘ਤੇ, 7 ਖਾਲੀ ਕਾਰਤੂਸ ਬਰਾਮਦ
ਸੂਚਨਾ ਮਿਲਦੇ ਹੀ ਫਗਵਾੜਾ ਪੁਲਿਸ ਅਤੇ ਪੁਲਿਸ ਦੇ ਆਲਾ ਅਫ਼ਸਰ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਘਟਨਾ ਸਥਲ ਤੋਂ 7 ਖਾਲੀ ਕਾਰਤੂਸ (ਖੋਲ) ਬਰਾਮਦ ਕਰਕੇ ਕਬਜ਼ੇ ‘ਚ ਲੈ ਲਏ ਹਨ। ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਹੋ ਸਕੇ।

SSP ਕਪੂਰਥਲਾ ਦੀ ਪੁਸ਼ਟੀ: ਹਰ ਪੱਖੋਂ ਜਾਂਚ ਜਾਰੀ
ਕਪੂਰਥਲਾ ਦੇ SSP ਗੌਰਵ ਤੂਰਾ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਦੁਕਾਨ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਤੇ ਉਸਨੂੰ ਪਹਿਲਾਂ ਕੋਈ ਧਮਕੀ ਜਾਂ ਰੰਗਦਾਰੀ ਦੀ ਮੰਗ ਤਾਂ ਨਹੀਂ ਆਈ ਸੀ।

ਰੰਗਦਾਰੀ ਨਾਲ ਜੁੜਿਆ ਹੋ ਸਕਦਾ ਮਾਮਲਾ, ਪੁਲਿਸ ਅਧਿਕਾਰਿਕ ਪੁਸ਼ਟੀ ਤੋਂ ਇਨਕਾਰ
ਸੂਤਰਾਂ ਮੁਤਾਬਕ ਇਹ ਘਟਨਾ ਰੰਗਦਾਰੀ (Extortion) ਨਾਲ ਜੁੜੀ ਹੋ ਸਕਦੀ ਹੈ, ਪਰ ਪੁਲਿਸ ਨੇ ਹਾਲੇ ਤੱਕ ਇਸ ਦੀ ਅਧਿਕਾਰਿਕ ਤੌਰ ‘ਤੇ ਪੁਸ਼ਟੀ ਨਹੀਂ ਕੀਤੀ। ਨੇੜਲੇ ਲੋਕਾਂ ਤੋਂ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਕਿ ਹਮਲਾਵਰ ਕਿਹੜੇ ਵਾਹਨ ‘ਚ ਆਏ ਸਨ ਅਤੇ ਕਿਹੋ ਜਿਹੇ ਦਿਖਾਈ ਦੇ ਰਹੇ ਸਨ।

CM ਭਗਵੰਤ ਮਾਨ ਦਾ ਅੱਜ ਜਾਲੰਧਰ–ਫਗਵਾੜਾ ਦੌਰਾ
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਾਲੰਧਰ ਅਤੇ ਫਗਵਾੜਾ ਦੇ ਦੌਰੇ ‘ਤੇ ਹਨ। ਸਵੇਰੇ ਜਾਲੰਧਰ ‘ਚ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ, ਇਸ ਤੋਂ ਬਾਅਦ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ ‘ਚ ਸਟਾਰਟਅਪ ਪੰਜਾਬ ਕਾਨਕਲੇਵ ‘ਚ ਸ਼ਿਰਕਤ ਕਰਨਗੇ। CM ਦੇ ਦੌਰੇ ਤੋਂ ਪਹਿਲਾਂ ਹੋਈ ਇਸ ਫਾਇਰਿੰਗ ਨੇ ਸੁਰੱਖਿਆ ਪ੍ਰਬੰਧਾਂ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।

ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਕਾਨੂੰਨ ਵਿਵਸਥਾ ਨਾਲ ਖੇਡਣ ਵਾਲਿਆਂ ਨੂੰ ਕਿਸੇ ਕੀਮਤ ‘ਤੇ ਨਹੀਂ ਬਖ਼ਸ਼ਿਆ ਜਾਵੇਗਾ।