ਜਲੰਧਰ (ਪੰਕਜ ਸੋਨੀ/ ਹਨੀ ਸਿੰਘ) ਜਲੰਧਰ ਦੇ ਪੌਸ਼ ਇਲਾਕੇ PPR ਮਾਰਕੀਟ ਵਿੱਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਥਾਣਾ-7 ਦੀ ਪੁਲਿਸ ਨੇ ਦੇਰ ਰਾਤ ਰਿਪਬਲਿਕ ਹੁੱਕਾ ਬਾਰ ‘ਤੇ ਅਚਾਨਕ ਛਾਪੇਮਾਰੀ ਕਰ ਦਿੱਤੀ। ਬਾਹਰੋਂ ਰੈਸਟੋਰੈਂਟ ਦੀ ਆੜ ਵਿੱਚ ਚੱਲ ਰਹੇ ਇਸ ਹੁੱਕਾ ਬਾਰ ਅੰਦਰ ਗੈਰਕਾਨੂੰਨੀ ਤੌਰ ‘ਤੇ ਸ਼ਰਾਬ ਅਤੇ ਹੁੱਕਾ ਪਰੋਸਿਆ ਜਾ ਰਿਹਾ ਸੀ। ਪੁਲਿਸ ਦੀ ਇਸ ਕਾਰਵਾਈ ਨੇ ਪੂਰੇ ਇਲਾਕੇ ਵਿੱਚ ਹਲਚਲ ਪੈਦਾ ਕਰ ਦਿੱਤੀ।
ਰੈਸਟੋਰੈਂਟ ਦੀ ਆੜ ‘ਚ ਚੱਲ ਰਿਹਾ ਸੀ ਗੈਰਕਾਨੂੰਨੀ ਧੰਦਾ
ਜਾਣਕਾਰੀ ਮੁਤਾਬਕ ਰਿਪਬਲਿਕ ਹੁੱਕਾ ਬਾਰ ਲੰਮੇ ਸਮੇਂ ਤੋਂ ਪੁਲਿਸ ਦੀ ਨਿਗਾਹ ‘ਚ ਸੀ। ਬਾਹਰੋਂ ਇਹ ਇਕ ਸਧਾਰਣ ਰੈਸਟੋਰੈਂਟ ਵਾਂਗ ਦਿਖਾਈ ਦਿੰਦਾ ਸੀ, ਪਰ ਅੰਦਰ ਅੱਧੀ ਰਾਤ ਤੱਕ ਨੌਜਵਾਨਾਂ ਨੂੰ ਸ਼ਰਾਬ ਅਤੇ ਹੁੱਕਾ ਪਰੋਸਿਆ ਜਾਂਦਾ ਸੀ। ਹੈਰਾਨੀਜਨਕ ਗੱਲ ਇਹ ਹੈ ਕਿ ਇਹ ਬਾਰ ਇੱਕ ਸਥਾਨਕ ਸਿਆਸੀ ਨੇਤਾ ਵੱਲੋਂ ਆਪਣੇ ਦਾਮਾਦ ਦੇ ਨਾਮ ‘ਤੇ ਚਲਾਇਆ ਜਾ ਰਿਹਾ ਸੀ, ਜਿਸ ਕਰਕੇ ਇਥੇ ਖੁੱਲ੍ਹੀ ਧੱਜੀਆਂ ਉਡਾਈਆਂ ਜਾ ਰਹੀਆਂ ਸਨ।
ਪੱਕੀ ਸੂਚਨਾ ਮਿਲਦੇ ਹੀ ਪੁਲਿਸ ਨੇ ਮਾਰੀ ਰੇਡ
ਥਾਣਾ-7 ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ PPR ਮਾਰਕੀਟ ਵਿੱਚ ਰਾਤ ਦੇ ਸਮੇਂ ਗੈਰਕਾਨੂੰਨੀ ਤੌਰ ‘ਤੇ ਹੁੱਕਾ ਤੇ ਸ਼ਰਾਬ ਪਰੋਸੀ ਜਾ ਰਹੀ ਹੈ। ਸੂਚਨਾ ਦੀ ਤਸਦੀਕ ਮਗਰੋਂ ਪੁਲਿਸ ਟੀਮ ਨੇ ਬਿਨਾਂ ਸਮਾਂ ਗਵਾਏ ਛਾਪੇਮਾਰੀ ਕੀਤੀ। ਪੁਲਿਸ ਦੇ ਪਹੁੰਚਦੇ ਹੀ ਬਾਰ ਵਿੱਚ ਮੌਜੂਦ ਲੋਕਾਂ ਵਿੱਚ ਅਫ਼ਰਾਤਅਫ਼ਰੀ ਮਚ ਗਈ।
ਮੌਕੇ ਤੋਂ ਹੁੱਕੇ, ਸ਼ਰਾਬ ਦੀਆਂ ਬੋਤਲਾਂ ਬਰਾਮਦ
ਰੇਡ ਦੌਰਾਨ ਪੁਲਿਸ ਨੇ ਕਈ ਹੁੱਕੇ, ਮਹਿੰਗੀ ਸ਼ਰਾਬ ਦੀਆਂ ਬੋਤਲਾਂ ਅਤੇ ਹੋਰ ਐਤਰਾਜ਼ਯੋਗ ਸਮਾਨ ਬਰਾਮਦ ਕੀਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਬਾਰ ਦੇ ਮਾਲਕ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਬਿਨਾਂ ਕਿਸੇ ਕਾਨੂੰਨੀ ਮਨਜ਼ੂਰੀ ਦੇ ਲੰਮੇ ਸਮੇਂ ਤੋਂ ਇਹ ਗੈਰਕਾਨੂੰਨੀ ਧੰਦਾ ਚੱਲ ਰਿਹਾ ਸੀ।
ਪਹਿਲਾਂ ਵੀ ਵਿਵਾਦਾਂ ‘ਚ ਰਹੀ PPR ਮਾਰਕੀਟ
ਗੌਰਤਲਬ ਹੈ ਕਿ PPR ਮਾਰਕੀਟ ਪਹਿਲਾਂ ਵੀ ਗੈਰਕਾਨੂੰਨੀ ਸ਼ਰਾਬ, ਹੁੱਕਾ ਬਾਰਾਂ ਅਤੇ ਨਸ਼ੇ ਦੀਆਂ ਸਰਗਰਮੀਆਂ ਨੂੰ ਲੈ ਕੇ ਸੁਰਖੀਆਂ ‘ਚ ਰਹੀ ਹੈ। ਹਾਲਾਂਕਿ ਪੁਲਿਸ ਵੱਲੋਂ ਕਈ ਵਾਰ ਕਾਰਵਾਈ ਕੀਤੀ ਗਈ, ਪਰ ਪ੍ਰਭਾਵਸ਼ਾਲੀ ਲੋਕਾਂ ਦੀ ਛਾਂਹ ਹੇਠ ਕੁਝ ਕਾਰੋਬਾਰੀ ਕਾਨੂੰਨ ਨੂੰ ਠੇਂਗਾ ਦਿਖਾਉਂਦੇ ਰਹੇ।
FIR ਦਰਜ, ਵੱਡੇ ਨਾਂ ਸਾਹਮਣੇ ਆਉਣ ਦੀ ਸੰਭਾਵਨਾ
ਥਾਣਾ-7 ਦੇ ਇੰਚਾਰਜ ਨੇ ਦੱਸਿਆ ਕਿ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਾਂਚ ਜਾਰੀ ਹੈ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਇਸ ਗੈਰਕਾਨੂੰਨੀ ਧੰਦੇ ਦੇ ਪਿੱਛੇ ਹੋਰ ਕਿਹੜੇ ਲੋਕ ਸ਼ਾਮਲ ਹਨ ਅਤੇ ਕੀ ਕਿਸੇ ਪੁਲਿਸ ਜਾਂ ਪ੍ਰਸ਼ਾਸਨਿਕ ਅਧਿਕਾਰੀ ਦੀ ਮਿਲੀਭੁਗਤ ਤਾਂ ਨਹੀਂ ਸੀ।















