ਬਟਾਲਾ ਪੁਲਿਸ ਨੇ 50 ਕਿਲੋ ਹੈਰੋਇਨ ਕੀਤੀ ਬਰਾਮਦ

ਪੰਜਾਬ ਪੁਲਿਸ ਵੱਲੋਂ ਬਟਾਲਾ ਵਿੱਚ ਕਾਸੋ ਆਪਰੇਸ਼ਨ ਦੇ ਤਹਿਤ ਹਾਟ ਸਪਾਟ ਇਲਾਕਾ ਗਾਂਧੀ ਕੈਂਪ ਵਿੱਚ ਵੱਡੀ ਕਾਰਵਾਈ ਕੀਤੀ ਗਈ। ਇਸ ਦੌਰਾਨ 200 ਤੋਂ ਵੱਧ ਪੁਲਿਸ ਜਵਾਨਾਂ ਨੇ ਇਲਾਕੇ ਵਿੱਚ ਚੈਕਿੰਗ ਕੀਤੀ। ਮੌਕੇ ’ਤੇ ਮੌਜੂਦ ਡੀਆਈਜੀ ਬਾਰਡਰ ਰੇਂਜ ਨੇ ਕਿਹਾ ਕਿ ਸਾਲ 2025 ਵਿੱਚ ਬਟਾਲਾ ਪੁਲਿਸ ਨੇ ਕਾਨੂੰਨ-ਵਿਵਸਥਾ ਅਤੇ ਨਸ਼ੇ ਖ਼ਿਲਾਫ਼ ਬਹੁਤ ਵਧੀਆ ਕੰਮ ਕੀਤਾ ਹੈ।

ਡੀਆਈਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2025 ਦੌਰਾਨ ਬਟਾਲਾ ਪੁਲਿਸ ਵੱਲੋਂ ਕੁੱਲ 1200 ਮੁਕਦਮੇ ਦਰਜ ਕੀਤੇ ਗਏ ਹਨ ਅਤੇ 500 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਲਗਭਗ 50 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਬਟਾਲਾ ਪੁਲਿਸ ਦੇ ਅਧੀਨ 31 ਕਿਲੋਮੀਟਰ ਦਾ ਇਲਾਕਾ ਇੰਡੋ-ਪਾਕ ਬਾਰਡਰ ਨਾਲ ਲੱਗਦਾ ਹੈ, ਜਿੱਥੇ ਡਰੋਨ ਜਾਂ ਹੋਰ ਤਰੀਕਿਆਂ ਨਾਲ ਨਸ਼ੇ ਦੀ ਤਸਕਰੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੁਲਿਸ ਨੇ ਇਨ੍ਹਾਂ ਡਰੱਗ ਪੈਡਲਰਾਂ ਕੋਲੋਂ ਕਰੀਬ 50 ਕਿਲੋ ਹੈਰੋਇਨ ਕਾਬੂ ਕੀਤੀ ਹੈ।

ਡੀਆਈਜੀ ਨੇ ਇਹ ਵੀ ਦੱਸਿਆ ਕਿ 3500 ਅਜਿਹੇ ਨੌਜਵਾਨਾਂ ਨੂੰ ਨਸ਼ਾ ਛਡਾਓ ਕੇਂਦਰਾਂ ਵਿੱਚ ਭੇਜਿਆ ਗਿਆ ਹੈ ਜੋ ਨਸ਼ਾ ਛੱਡਣ ਲਈ ਤਿਆਰ ਸਨ। ਬਟਾਲਾ ਪੁਲਿਸ ਨਸ਼ਾ ਛੱਡਣ ਵਾਲੇ ਹਰ ਵਿਅਕਤੀ ਦੀ ਸੰਭਵ ਮਦਦ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੌਰਾਨ ਨਸ਼ਾ ਤਸਕਰਾਂ ਦੇ ਚਾਰ ਘਰ ਤੋੜੇ ਗਏ ਹਨ ਅਤੇ 35 ਕਰੋੜ ਰੁਪਏ ਦੀ ਪ੍ਰੋਪਰਟੀ ਫ੍ਰੀਜ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਕਰੀਬ 4 ਕਰੋੜ ਰੁਪਏ ਦੀ ਹੋਰ ਪ੍ਰੋਪਰਟੀ ਪਾਈਪਲਾਈਨ ਵਿੱਚ ਹੈ, ਜਿਸ ਬਾਰੇ ਹੁਕਮ ਮਿਲਦੇ ਹੀ ਉਸਨੂੰ ਵੀ ਫ੍ਰੀਜ਼ ਕਰ ਦਿੱਤਾ ਜਾਵੇਗਾ।

ਫਿਲਹਾਲ ਗਾਂਧੀ ਕੈਂਪ ਵਿੱਚ ਕਾਸੋ ਆਪਰੇਸ਼ਨ ਜਾਰੀ ਹੈ। ਡੀਆਈਜੀ ਨੇ ਕਿਹਾ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਆਪਰੇਸ਼ਨਾਂ ਦੌਰਾਨ ਵੱਡੀਆਂ ਰਿਕਵਰੀਆਂ ਹੋਈਆਂ ਹਨ ਅਤੇ ਇਸ ਵਾਰੀ ਵੀ ਵੱਡੀ ਬਰਾਮਦਗੀ ਦੀ ਉਮੀਦ ਹੈ। ਨਾਲ ਹੀ ਉਨ੍ਹਾਂ ਨੇ ਨਸ਼ਾ ਕਰਨ ਅਤੇ ਵੇਚਣ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਤੁਰੰਤ ਇਹ ਗੈਰਕਾਨੂੰਨੀ ਕਾਰੋਬਾਰ ਬੰਦ ਕਰ ਦਿਓ, ਨਹੀਂ ਤਾਂ ਤੁਹਾਡਾ ਅਗਲਾ ਟਿਕਾਣਾ ਜੇਲ ਹੋਵੇਗਾ।