ਜਲੰਧਰ (ਪੰਕਜ ਸੋਨੀ) ਸ਼ਹਿਰ ਵਿੱਚ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਜਿੱਥੇ ਕਈ ਥਾਵਾਂ ‘ਤੇ ਪਾਰਟੀਆਂ ਅਤੇ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ, ਓਥੇ ਹੀ ਐਕਸਾਈਜ਼ ਵਿਭਾਗ ਵੱਲੋਂ ਵੀ ਪੂਰੀ ਤਿਆਰੀ ਕਰ ਲਈ ਗਈ ਹੈ।
ਐਕਸਾਈਜ਼ ਵਿਭਾਗ ਦੇ ਰੇਂਜ-1 ਦੇ ਸਹਾਇਕ ਕਮਿਸ਼ਨਰ ਅਸ਼ੋਕ ਕੁਮਾਰ ਅਤੇ ਰੇਂਜ-2 ਦੇ ਸਹਾਇਕ ਕਮਿਸ਼ਨਰ ਨਵਤੇਜ ਸਿੰਘ ਵੱਲੋਂ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਨਿਰਦੇਸ਼ਾਂ ਅਨੁਸਾਰ ਨਵੇਂ ਸਾਲ ਦੀਆਂ ਪਾਰਟੀਆਂ ਜਾਂ ਕਿਸੇ ਵੀ ਤਰ੍ਹਾਂ ਦੇ ਸਮਾਗਮਾਂ ਦੌਰਾਨ ਬਿਨਾਂ ਵਿਭਾਗ ਦੀ ਪੂਰਵ ਮਨਜ਼ੂਰੀ ਸ਼ਰਾਬ ਪਿਲਾਉਣ ‘ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ।
ਐਕਸਾਈਜ਼ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਆਯੋਜਕਾਂ ਜਾਂ ਵਿਅਕਤੀਆਂ ਵੱਲੋਂ ਬਿਨਾਂ ਪਰਮਿਟ ਦੇ ਸ਼ਰਾਬ ਪਿਲਾਈ ਗਈ ਜਾਂ ਗੈਰਕਾਨੂੰਨੀ ਤੌਰ ‘ਤੇ ਸ਼ਰਾਬ ਵਰਤੀ ਗਈ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਲਈ ਵਿਭਾਗ ਵੱਲੋਂ ਵਿਸ਼ੇਸ਼ ਜਾਂਚ ਟੀਮਾਂ ਵੀ ਤਾਇਨਾਤ ਕਰ ਦਿੱਤੀਆਂ ਗਈਆਂ ਹਨ, ਜੋ ਨਵੇਂ ਸਾਲ ਦੀ ਰਾਤ ਦੌਰਾਨ ਵੱਖ-ਵੱਖ ਥਾਵਾਂ ‘ਤੇ ਨਿਗਰਾਨੀ ਕਰਨਗੀਆਂ।
ਐਕਸਾਈਜ਼ ਵਿਭਾਗ ਨੇ ਆਯੋਜਕਾਂ ਨੂੰ ਅਪੀਲ ਕੀਤੀ ਹੈ ਕਿ ਨਵੇਂ ਸਾਲ ਦੇ ਸਮਾਗਮ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਹੀ ਕਰਵਾਏ ਜਾਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਸਥਿਤੀ ਤੋਂ ਬਚਿਆ ਜਾ ਸਕੇ।

















