ਗੁਰਦਾਸਪੁਰ ਦੇ ਸਰਹੱਦੀ ਖੇਤਰ ਵਿੱਚ ਹੜਾਂ ਤੋਂ ਬਾਅਦ ਲੋਕ ਆਪਣੀ ਜ਼ਿੰਦਗੀ ਹੌਲੀ-ਹੌਲੀ ਸਧਾ ਰਹੇ ਹਨ, ਪਰ ਹਾਲੇ ਵੀ ਕਈ ਥਾਵਾਂ ਤੇ ਸਰਕਾਰੀ ਕੰਮਾਂ ਵਿੱਚ ਵਿਘਨ ਪਏ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਖੇਤਰ ਵਿੱਚ ਰਾਵੀ ਦਰਿਆ ‘ਤੇ ਹਰ ਸਾਲ ਪਾਇਆ ਜਾਣ ਵਾਲਾ ਪਲਟੂਨ ਪੁੱਲ ਹੜਾਂ ਦੇ ਬਾਅਦ ਅਜੇ ਤੱਕ ਨਹੀਂ ਬਣਿਆ।
ਇਸ ਪੁੱਲ ਦੇ ਨਾ ਬਣਨ ਕਾਰਨ ਪਿੰਡ ਤਾਸ਼, ਮਜੀਰੀ, ਅਖਬਾਰਾਂ, ਲਸਿਆਨ, ਜੈਤਪੁਰ, ਦਤਿਆਲ, ਬਸਾਊ ਬਾੜਮਾ, ਆਦਮ ਬਾੜਮਾ, ਬਮਿਆਲ, ਝੜੋਲੀ ਆਦਿ ਪਿੰਡਾਂ ਦੇ ਲੋਕਾਂ ਨੂੰ ਗੁਰਦਾਸਪੁਰ ਜਾਣ ਲਈ ਲਗਭਗ 50 ਕਿਲੋਮੀਟਰ ਦਾ ਲੰਮਾ ਸਫ਼ਰ ਤੈ ਕਰਨਾ ਪੈ ਰਿਹਾ ਹੈ। ਇਸ ਖੇਤਰ ਦੇ ਲੋਕ ਪਹਿਲਾਂ ਪੁੱਲ ਰਾਹੀਂ ਸਿੱਧਾ ਰਸਤਾ ਵਰਤਦੇ ਸਨ, ਪਰ ਇਸ ਵਾਰ ਪੁੱਲ ਨਾ ਹੋਣ ਕਾਰਨ ਕਿਸ਼ਤੀ ਦਾ ਸਹਾਰਾ ਲੈਣਾ ਪੈ ਰਿਹਾ ਹੈ। ਲੋਕਾਂ ਨੂੰ ਸਵੇਰੇ ਦੇਰ ਤੋਂ ਕਿਸ਼ਤੀ ਦੀ ਉਡੀਕ ਕਰਨੀ ਪੈਂਦੀ ਹੈ ਅਤੇ ਸ਼ਾਮ 5 ਵਜੇ ਤੋਂ ਬਾਅਦ ਰਸਤਾ ਬੰਦ ਹੋ ਜਾਂਦਾ ਹੈ।
ਖੇਤਰ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਹੀ ਇਸ ਪਲਟੂਨ ਪੁੱਲ ਦਾ ਨਿਰਮਾਣ ਕੀਤਾ ਜਾਵੇ, ਤਾਂ ਜੋ ਹਰ ਸਾਲ ਵਰਤੀ ਜਾਣ ਵਾਲੀ ਸਹੂਲਤ ਮੁੜ ਬਹਾਲ ਹੋ ਸਕੇ। ਪਿਛਲੇ ਸਾਲਾਂ ਵਿੱਚ ਸਵਰਗੀ ਸਾਂਸਦ ਵਿਨੋਦ ਖੰਨਾ ਵੱਲੋਂ ਇਸ ਪੁੱਲ ਦਾ ਪ੍ਰਬੰਧ ਕੀਤਾ ਗਿਆ ਸੀ, ਜੋ ਲੋਕਾਂ ਲਈ ਵਰਦਾਨ ਸਾਬਿਤ ਹੋਇਆ ਸੀ।
















