ਫਗਵਾੜਾ ’ਚ ਨੈਸ਼ਨਲ ਹਾਈਵੇਅ ’ਤੇ ਜ਼ੋਰਦਾਰ ਧਮਾਕਾ: ਵਿਦਿਆਰਥੀ ਦੀ ਮੌਤ, 2 ਕਾਰਾਂ ਨੂੰ ਲੱਗੀ ਭਿਆਨਕ ਅੱਗ

ਫਗਵਾਡ਼ਾ-ਜਲੰਧਰ ਨੇਸ਼ਨਲ ਹਾਈਵੇ ‘ਤੇ ਐਤਵਾਰ ਦੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ, ਜਦੋਂ ਕਿ ਉਸਦਾ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸੇ ਵਿੱਚ ਕੁੱਲ ਛੇ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਪੰਜ ਕਾਰਾਂ ਵਿੱਚ ਸਵਾਰ ਸਨ।

ਸਦਰ ਫਗਵਾਡ਼ਾ ਦੇ ਐਸਐਚਓ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਮਰਨ ਵਾਲੇ ਵਿਦਿਆਰਥੀ ਦੀ ਪਹਚਾਣ ਕੇਰਲ ਦੇ ਰਹਿਣ ਵਾਲੇ ਅਸਮਿਰ ਰਉਫ਼ ਵਜੋਂ ਹੋਈ ਹੈ। ਉਹ ਮੋਟਰਸਾਈਕਲ ਚਲਾ ਰਿਹਾ ਸੀ। ਦੋ ਕਾਰਾਂ ਦੀ ਜ਼ੋਰਦਾਰ ਟੱਕਰ ਤੋਂ ਬਾਅਦ ਉਹਨਾਂ ‘ਚ ਅੱਗ ਲੱਗ ਗਈ, ਜੋ ਕੁਝ ਹੀ ਪਲਾਂ ਵਿੱਚ ਉਸਦੀ ਮੋਟਰਸਾਈਕਲ ਤਕ ਪਹੁੰਚ ਗਈ ਅਤੇ ਉਹ ਮੌਕੇ ‘ਤੇ ਹੀ ਸੜ ਕੇ ਮਰ ਗਿਆ।

ਉਸਦਾ ਸਾਥੀ ਵਿਨਾਇਕ ਕੇ. ਸੁਰੇਸ਼ ਜੋ ਕੇਰਲ ਦਾ ਹੀ ਰਹਿਣ ਵਾਲਾ ਹੈ, ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ। ਉਸਦੇ ਪੈਰ ਵਿੱਚ ਫਰੈਕਚਰ ਆਇਆ ਹੈ ਅਤੇ ਉਸਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਜਾਰੀ ਹੈ। ਪੁਲਿਸ ਨੇ ਮ੍ਰਿਤਕ ਦੇ ਸ਼ਰੀਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮੋਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਭੇਜ ਦਿੱਤਾ ਹੈ।

 

ਸੜਕ ਸੁਰੱਖਿਆ ਫੋਰਸ ਦੇ ਏਐਸਆਈ ਬਲਜੀਤ ਰਾਮ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਹਾਈਵੇ ‘ਤੇ ਗਸ਼ਤ ਕਰ ਰਹੇ ਸਨ, ਜਦ ਉਹਨਾਂ ਨੇ ਦੇਖਿਆ ਕਿ ਇੱਕ ਕਾਰ ਡਿਵਾਈਡਰ ਨਾਲ ਟਕਰਾ ਕੇ ਉਲਟ ਗਈ ਸੀ। ਉਹਨਾਂ ਨੇ ਤੁਰੰਤ ਆਪਣੀ ਟੀਮ ਨਾਲ ਤਿੰਨਾਂ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਜਲੰਧਰ ਹਸਪਤਾਲ ਪਹੁੰਚਾਇਆ।

ਕਾਰ ਦੇ ਉਲਟਣ ਤੋਂ ਬਾਅਦ ਹਾਈਵੇ ‘ਤੇ ਟ੍ਰੈਫ਼ਿਕ ਹੌਲਾ ਹੋ ਗਿਆ ਸੀ। ਜਦੋਂ ਪੁਲਿਸ ਅਤੇ ਬਚਾਅ ਟੀਮ ਕਾਰ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਤਾਂ ਉਹਨਾਂ ਤੋਂ 300–400 ਮੀਟਰ ਪਿੱਛੇ ਦੋ ਹੋਰ ਕਾਰਾਂ ਦੀ ਟੱਕਰ ਹੋ ਗਈ ਅਤੇ ਉਹਨਾਂ ਵਿੱਚ ਅੱਗ ਲੱਗ ਗਈ। ਉਸੇ ਸਮੇਂ ਉਧਰੋਂ ਲੰਘ ਰਹੀ ਇੱਕ ਮੋਟਰਸਾਈਕਲ ਵੀ ਅੱਗ ਦੀ ਲਪੇਟ ਵਿੱਚ ਆ ਗਈ, ਜਿਸ ਨਾਲ LPU ਵਿਦਿਆਰਥੀ ਦੀ ਮੌਤ ਹੋ ਗਈ। ਪੁਲਿਸ ਨੇ ਦੋਵਾਂ ਹਾਦਸਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।