ਪਟਿਆਲਾ ਸ਼ਹਿਰ ਵਿੱਚ ਅੱਜ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਪ੍ਰਵਾਸੀ ਪਰਿਵਾਰ ਦੇ ਤਿੰਨ–ਤਿੰਨ ਸਾਲ ਦੇ ਦੋ ਮਾਸੂਮ ਬੱਚਿਆਂ ਦੇ ਲਾਪਤਾ ਹੋਣ ਦੀ ਸੂਚਨਾ ਸਾਹਮਣੇ ਆਈ। ਪਰਿਵਾਰ ਦੀ ਚਿੰਤਾ ਵਧ ਗਈ ਸੀ ਅਤੇ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਸ਼ਾਇਦ ਦੋਨੋਂ ਬੱਚਿਆਂ ਨੂੰ ਕਿਸੇ ਵੱਲੋਂ ਕਿਡਨੈਪ ਕਰ ਲਿਆ ਗਿਆ ਹੈ।
ਪਰ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਬੱਚਿਆਂ ਦੀ ਮਾਂ–ਪਿਉ ਨੇ ਦੱਸਿਆ ਕਿ ਉਹ ਅੱਜ ਸਵੇਰੇ ਦੋਨੋ ਬੱਚਿਆਂ ਨੂੰ ਆਂਗਨਵਾੜੀ ਵਿੱਚ ਛੱਡ ਕੇ ਆਏ ਸਨ। ਪਰ ਨਿਰਧਾਰਿਤ ਛੁੱਟੀ ਸਮੇਂ ਤੋਂ ਪਹਿਲਾਂ ਹੀ ਬੱਚਿਆਂ ਨੂੰ ਆਂਗਨਵਾੜੀ ਵੱਲੋਂ ਬਾਹਰ ਕੱਢ ਦਿੱਤਾ ਗਿਆ, ਅਤੇ ਸਭ ਤੋਂ ਹੈਰਾਨੀ ਦੀ ਗੱਲ — ਇਸ ਬਾਰੇ ਮਾਪਿਆਂ ਨੂੰ ਦੱਸਿਆ ਵੀ ਨਹੀਂ ਗਿਆ।
ਇਸ ਕਾਰਨ ਦੋਨੋ ਬੱਚੇ ਗਲੀਆਂ ਵਿੱਚ ਭਟਕਣ ਲੱਗ ਪਏ। ਜਦੋਂ ਇਹ ਜਾਣਕਾਰੀ ਪਟਿਆਲਾ ਪੁਲਿਸ ਨੂੰ ਮਿਲੀ, ਤਾਂ ਪੁਲਿਸ ਤੁਰੰਤ ਮੌਕੇ ’ਤੇ ਪਹੁੰਚੀ ਤੇ ਬੱਚਿਆਂ ਦੀ ਭਾਲ ਲਈ ਸਵਿਫ਼ਟ ਐਕਸ਼ਨ ਸ਼ੁਰੂ ਕਰ ਦਿੱਤਾ।
ਪੁਲਿਸ ਵੱਲੋਂ ਵੱਖ-ਵੱਖ ਗਲੀਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਬੱਚੇ ਕਿਸੇ ਵੀ ਕਿਡਨੈਪਰ ਦੇ ਹੱਥ ਨਹੀਂ ਲੱਗੇ ਸਨ, ਬਲਕਿ ਇੱਕ ਰਾਹਗੀਰ ਨੇ ਦੋਨੋ ਬੱਚਿਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਐਮ.ਸੀ. ਦੇ ਘਰ ਛੱਡ ਦਿੱਤਾ ਸੀ, ਤਾਂ ਜੋ ਜੇ ਕੋਈ ਬੱਚਿਆਂ ਨੂੰ ਲੱਭਣ ਆਵੇ, ਉਹਨਾਂ ਨੂੰ ਉੱਥੇ ਮਿਲ ਸਕੇ।
ਪਟਿਆਲਾ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਕੁਝ ਹੀ ਸਮੇਂ ਵਿੱਚ ਦੋਨੋ ਬੱਚਿਆਂ ਨੂੰ ਲੱਭ ਕੇ ਸੁਰੱਖਿਅਤ ਢੰਗ ਨਾਲ ਉਹਨਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਪਰਿਵਾਰ ਨੇ ਚੈਨ ਦੀ ਸਾਹ ਲਈ।
ਇਸ ਸਾਰੇ ਮਾਮਲੇ ਨੇ ਆਂਗਨਵਾੜੀ ਪ੍ਰਬੰਧ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਬਿਨਾਂ ਮਾਪਿਆਂ ਨੂੰ ਸੂਚਿਤ ਕੀਤੇ ਮਾਸੂਮ ਬੱਚਿਆਂ ਨੂੰ ਕਿਵੇਂ ਬਾਹਰ ਜਾਣ ਦਿੱਤਾ ਗਿਆ। ਪਟਿਆਲਾ ਪੁਲਿਸ ਦੇ ਤੁਰੰਤ ਰਿਸਪਾਂਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
















