ਸਟਾਰ ਨਿਊਜ਼ ਨੈਟਵਰਕ 10 ਅਕਤੂਬਰ (ਹਨੀ ਸਿੰਘ/ਪੰਕਜ ਸੋਨੀ) : ਅੱਜ ਸ਼ੁੱਕਰਵਾਰ ਨੂੰ ਕਰਵਾ ਚੌਥ ਦਾ ਤਿਉਹਾਰ ਦੇਸ਼ ਭਰ ਵਿੱਚ ਵੱਡੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ ਤੋਂ ਹੀ ਸੁਹਾਗਣਾਂ ਨੇ ਆਪਣੇ ਪਤੀਆਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਨਿਰਜਲਾ ਵਰਤ ਰੱਖਿਆ। ਦਿਨ ਭਰ ਉਪਵਾਸ ਰੱਖਣ ਤੋਂ ਬਾਅਦ ਜਿਵੇਂ ਜਿਵੇਂ ਸ਼ਾਮ ਢਲਦੀ ਗਈ, ਔਰਤਾਂ ਸੋਲ੍ਹਾਂ ਸ਼੍ਰਿੰਗਾਰ ਕਰਕੇ ਪੂਜਾ ਦੀ ਥਾਲੀ ਲੈ ਕੇ ਚੰਦ ਦੇ ਦੀਦਾਰ ਦੀ ਉਡੀਕ ਕਰਨ ਲੱਗੀਆਂ।
ਸ਼ਾਮ ਪੈਂਦਿਆਂ ਹੀ ਸ਼ਹਿਰ ਦੇ ਮੰਦਰਾਂ, ਬਾਗਾਂ ਤੇ ਘਰਾਂ ਦੀਆਂ ਛੱਤਾਂ ‘ਤੇ ਰੰਗ-ਬਿਰੰਗੇ ਕੱਪੜੇ ਪਹਿਨੀਆਂ ਸੁਹਾਗਣਾਂ ਦਾ ਇਕੱਠ ਦੇਖਣ ਵਾਲਾ ਸੀ। ਜਿਵੇਂ ਹੀ ਚੰਦ ਨੇ ਦਰਸ਼ਨ ਦਿੱਤੇ, ਔਰਤਾਂ ਦੇ ਚਿਹਰੇ ਖੁਸ਼ੀ ਨਾਲ ਖਿੜ ਉਠੇ। ਉਨ੍ਹਾਂ ਨੇ ਛੱਲਣੀ ਰਾਹੀਂ ਚੰਦ ਤੇ ਫਿਰ ਆਪਣੇ ਪਤੀ ਦਾ ਚਿਹਰਾ ਦੇਖਿਆ, ਤੇ ਪਤੀ ਦੇ ਹੱਥੋਂ ਪਾਣੀ ਪੀ ਕੇ ਵਰਤ ਖੋਲ੍ਹਿਆ। ਇਸ ਪਾਵਨ ਪਲ ਨਾਲ ਘਰ-ਘਰ ਵਿੱਚ ਖੁਸ਼ੀ ਤੇ ਉਤਸ਼ਾਹ ਦਾ ਮਾਹੌਲ ਬਣ ਗਿਆ।
ਜਲੰਧਰ ਦੇ ਸ਼ਾਸਤਰੀ ਨਗਰ, ਆਦਰਸ਼ ਨਗਰ, ਮਾਡਲ ਟਾਊਨ ਅਤੇ ਅਰਬਨ ਐਸਟੇਟ ਵਰਗੇ ਇਲਾਕਿਆਂ ਵਿੱਚ ਕਰਵਾ ਚੌਥ ਦੀ ਰੌਣਕ ਦੇਖਣ ਵਾਲੀ ਸੀ। ਮੰਦਰਾਂ ਵਿੱਚ ਵਿਸ਼ੇਸ਼ ਪੂਜਾ ਅਰਚਨਾ ਹੋਈ, ਜਿੱਥੇ ਔਰਤਾਂ ਨੇ ਸਮੂਹ ਵਿੱਚ ਕਰਵਾ ਚੌਥ ਦੀ ਕਹਾਣੀ ਸੁਣੀ ਤੇ ਇਕ-ਦੂਜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਸ਼ਹਿਰ ਦੇ ਬਾਜ਼ਾਰਾਂ ਵਿੱਚ ਵੀ ਦਿਨ ਭਰ ਚਲਹ-ਪਹਿਲ ਰਹੀ। ਮਿਹੰਦੀ ਲਗਾਉਣ ਵਾਲਿਆਂ ਕੋਲ ਔਰਤਾਂ ਦੀਆਂ ਲੰਬੀਆਂ ਕਤਾਰਾਂ ਦਿਖਾਈ ਦਿੱਤੀਆਂ। ਚੂੜੀਆਂ, ਸਾਡੀਆਂ, ਸ਼੍ਰਿੰਗਾਰ ਸਮੱਗਰੀ ਅਤੇ ਤੋਹਫ਼ਿਆਂ ਦੀਆਂ ਦੁਕਾਨਾਂ ‘ਤੇ ਵੀ ਭੀੜ ਲੱਗੀ ਰਹੀ। ਸ਼ਾਮ ਤੱਕ ਪੂਰਾ ਬਾਜ਼ਾਰ ਕਰਵਾ ਚੌਥ ਦੇ ਰੰਗ ਵਿੱਚ ਰੰਗਿਆ ਹੋਇਆ ਸੀ।
ਮੌਸਮ ਨੇ ਵੀ ਸੁਹਾਗਣਾਂ ਦੀ ਖੁਸ਼ੀ ‘ਤੇ ਚਾਰ ਚੰਦ ਲਾ ਦਿੱਤੇ। ਆਸਮਾਨ ਸਾਫ ਰਿਹਾ ਅਤੇ ਚੰਦ ਨੇ ਸਮੇਂ ਤੇ ਦਰਸ਼ਨ ਦਿੱਤੇ।
ਔਰਤਾਂ ਨੇ ਦੱਸਿਆ ਕਿ ਕਰਵਾ ਚੌਥ ਸਿਰਫ਼ ਪਤੀ ਦੀ ਲੰਬੀ ਉਮਰ ਲਈ ਨਹੀਂ, ਸਗੋਂ ਇਹ ਵਿਆਹਸ਼ੁਦਾ ਰਿਸ਼ਤੇ ਵਿੱਚ ਪ੍ਰੇਮ, ਸਮਰਪਣ ਅਤੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਾਲਾ ਤਿਉਹਾਰ ਹੈ।
ਸੋਸ਼ਲ ਮੀਡੀਆ ‘ਤੇ ਵੀ ਕਰਵਾ ਚੌਥ ਦਾ ਜਾਦੂ ਛਾਇਆ ਰਿਹਾ। ਔਰਤਾਂ ਨੇ ਆਪਣੇ ਸ਼੍ਰਿੰਗਾਰ, ਪੂਜਾ ਥਾਲੀ ਅਤੇ ਚੰਦ ਦੇ ਦਰਸ਼ਨ ਵਾਲੀਆਂ ਤਸਵੀਰਾਂ ਤੇ ਵੀਡੀਓਆਂ ਸ਼ੇਅਰ ਕੀਤੀਆਂ, ਜਿਨ੍ਹਾਂ ‘ਤੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਸ਼ੁਭਕਾਮਨਾਵਾਂ ਦੀ ਬਾਰਿਸ਼ ਹੋ ਗਈ।

















