ਜਾਲੰਧਰ, 9 ਅਕਤੂਬਰ (ਬਿਊਰੋ): ਜਾਲੰਧਰ ਸ਼ਹਿਰ ਲਈ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਬਾਡੀਬਿਲਡਰ ਅਤੇ ਬਾਲੀਵੁੱਡ ਅਦਾਕਾਰ ਵਰਿੰਦਰ ਸਿੰਘ ਘੁੰਮਣ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ।
ਜਾਣਕਾਰੀ ਅਨੁਸਾਰ, ਵਰਿੰਦਰ ਘੁੰਮਣ ਦੇ ਮੋਢੇ ‘ਚ ਹਾਲ ਹੀ ‘ਚ ਫਰੈਕਚਰ ਹੋ ਗਿਆ ਸੀ, ਜਿਸ ਦਾ ਇਲਾਜ ਕਰਵਾਉਣ ਲਈ ਉਹ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਸਨ। ਇਲਾਜ ਦੌਰਾਨ ਹੀ ਉਨ੍ਹਾਂ ਨੂੰ ਅਚਾਨਕ ਹਾਰਟ ਅਟੈਕ ਆ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਵਰਿੰਦਰ ਘੁੰਮਣ ਜਾਲੰਧਰ ਦੇ ਵਸਨੀਕ ਸਨ ਅਤੇ ਉਨ੍ਹਾਂ ਨੇ ਬਾਡੀਬਿਲਡਿੰਗ ਦੀ ਦੁਨੀਆ ‘ਚ ਨਾਮ ਕਮਾਉਂਦਿਆਂ ਬਾਲੀਵੁੱਡ ਤੱਕ ਆਪਣੀ ਪਛਾਣ ਬਣਾਈ। ਉਹ ਸਿਰਫ਼ ਆਪਣੇ ਸ਼ਾਨਦਾਰ ਸ਼ਰੀਰ ਲਈ ਹੀ ਨਹੀਂ, ਸਗੋਂ ਆਪਣੀ ਸਾਦਗੀ ਅਤੇ ਮਿੱਠੇ ਸੁਭਾਅ ਲਈ ਵੀ ਜਾਣੇ ਜਾਂਦੇ ਸਨ।

ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦੇ ਹੀ ਜਾਲੰਧਰ ਸਮੇਤ ਪੂਰੇ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਬਾਡੀਬਿਲਡਿੰਗ ਜਗਤ ਅਤੇ ਬਾਲੀਵੁੱਡ ਦੇ ਕਈ ਹਸਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਦੁੱਖ ਪ੍ਰਗਟਾਇਆ ਹੈ।
ਸ਼ਹਿਰ ਦੇ ਲੋਕ ਕਹਿ ਰਹੇ ਹਨ ਕਿ ਵਰਿੰਦਰ ਘੁੰਮਣ ਵਰਗਾ ਟੈਲੰਟ ਕਦੇ-ਕਦੇ ਹੀ ਜਨਮ ਲੈਂਦਾ ਹੈ। ਉਨ੍ਹਾਂ ਦਾ ਅਚਾਨਕ ਇਸ ਤਰ੍ਹਾਂ ਚਲੇ ਜਾਣਾ ਸਾਰੇ ਪ੍ਰਸ਼ੰਸਕਾਂ ਲਈ ਇੱਕ ਵੱਡਾ ਸਦਮਾ ਹੈ।
️ ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।















