ਸਾਬਕਾ ਸਰਪੰਚ ਦੇ ਪੁੱਤ ਦੇ ਕਤਲ ਮਾਮਲੇ ‘ਚ ਨਵਾਂ ਮੋੜ, ਪੁਲਸ ਨੇ ਕੀਤੀ ਵੱਡੀ ਗ੍ਰਿਫ਼ਤਾਰੀ

ਬਰਨਾਲਾ ਦੇ ਪਿੰਡ ਸ਼ਹਿਣਾ ‘ਚ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਮਾਮਲੇ ‘ਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਕਤਲ ਦੇ ਮਾਮਲੇ ‘ਚ ਸ਼ਾਮਲ ਮੁੱਖ ਦੋਸ਼ੀ ਦੇ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਗੁਰਦੀਪ ਬਾਵਾ ਵਜੋਂ ਹੋਈ ਹੈ। ਗੁਰਦੀਪ ਬਾਵਾ ਵੀ ਪਿੰਡ ਸ਼ਹਿਣਾ ਦਾ ਹੀ ਰਹਿਣ ਵਾਲਾ ਹੈ। ਫਿਲਹਾਲ ਮੁੱਖ ਹਮਲਾਵਰ ਹਰਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਤਲਾਸ਼ੀ ਜਾਰੀ ਹੈ।

ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਇਸ ਮਾਮਲੇ ਦੀ ਜਾਂਚ ਦੌਰਾਨ ਕਈ ਮਹੱਤਵਪੂਰਨ ਸੁਰਾਗ ਹੱਥ ਲੱਗੇ ਹਨ। ਪਰਿਵਾਰ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਜਦ ਤੱਕ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਹ ਧਰਨੇ ‘ਤੇ ਬੈਠੇ ਰਹਿਣਗੇ ਅਤੇ ਮ੍ਰਿਤਕ ਦੀ ਦੇਹ ਦਾ ਸੰਸਕਾਰ ਨਹੀਂ ਕਰਨਗੇ।

ਜ਼ਿਕਰਯੋਗ ਹੈ ਕਿ ਸੁਖਵਿੰਦਰ ਸਿੰਘ ਕਲਕੱਤਾ ਆਪਣੀ ਬੇਬਾਕ ਸੋਚ ਅਤੇ ਆਵਾਜ਼ ਲਈ ਜਾਣਿਆ ਜਾਂਦਾ ਸੀ। ਉਹ ਅਕਸਰ ਹਕੂਮਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਦਾ ਰਹਿੰਦਾ ਸੀ ਅਤੇ ਸਿਮਰਨਜੀਤ ਸਿੰਘ ਮਾਨ ਅਤੇ ਲੱਖਾ ਸਿਧਾਣਾ ਵਰਗੇ ਨੇਤਾਵਾਂ ਦੇ ਮੰਚਾਂ ‘ਤੇ ਵੀ ਸਰਗਰਮ ਰਹਿੰਦਾ ਸੀ।

ਇਹ ਘਟਨਾ ਸ਼ਹਿਣਾ ਬੱਸ ਸਟੈਂਡ ਨੇੜੇ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ ਵਿੱਚ ਵਾਪਰੀ, ਜਿੱਥੇ ਸੁਖਵਿੰਦਰ ਸਿੰਘ ਕੁਰਸੀ ‘ਤੇ ਬੈਠਾ ਸੀ। ਹਮਲਾਵਰ ਅੰਦਰ ਦਾਖ਼ਲ ਹੋਇਆ ਅਤੇ ਨਜ਼ਦੀਕੋਂ ਗੋਲੀਆਂ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਮੌਕੇ ‘ਤੇ ਹੀ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ।