ਜਲੰਧਰ (ਪੰਕਜ ਸੋਨੀ) ਪੰਜਾਬ ਵਿੱਚ ਚੋਣੀ ਹਵਾ ਤੇਜ਼ ਹੋ ਰਹੀ ਹੈ ਅਤੇ ਜਲੰਧਰ ਦੀ ਸਿਆਸਤ ਵਿੱਚ ਪਾਰਾ ਚੜ੍ਹ ਗਿਆ ਹੈ। ਆਮ ਆਦਮੀ ਪਾਰਟੀ (AAP) ਨੇ ਚਾਰਾਂ ਸ਼ਹਿਰੀ ਹਲਕਿਆਂ ‘ਚ ਟਿਕਟਾਂ ਲਈ ਮੰਥਨ ਸ਼ੁਰੂ ਕਰ ਦਿੱਤਾ ਹੈ। ਸਭ ਤੋਂ ਵੱਧ ਚਰਚਾ ਜਲੰਧਰ ਨਾਰਥ ਤੋਂ ਹੋ ਰਹੀ ਹੈ ਜਿੱਥੇ ਦਿਨੇਸ਼ ਢੱਲ ਨੇ ਆਪਣੀ ਵਾਪਸੀ ਲਈ ਪੂਰੀ ਤਿਆਰੀ ਕਰ ਲਈ ਹੈ।
ਜਲੰਧਰ ਨਾਰਥ: ਦਿਨੇਸ਼ ਢੱਲ ਦਾ ਦਬਦਬਾ ਵਾਪਸ
ਹਲਕਾ ਇੰਚਾਰਜ ਦਿਨੇਸ਼ ਢੱਲ ਪਿਛਲੀ ਵਾਰ ਹਾਰ ਗਏ ਸਨ ਪਰ ਇਸ ਵਾਰ ਉਹਨਾਂ ਨੇ ਖੇਡ ਪਲਟਣ ਲਈ ਪੂਰੀ ਕਮਰ ਕਸ ਲਈ ਹੈ। ਹਲਕੇ ਵਿੱਚ ਮੀਟਿੰਗਾਂ, ਜਥੇਬੰਦੀਆਂ ਤੇ ਲੋਕਾਂ ਨਾਲ ਸਿੱਧੀ ਗੱਲਬਾਤ ਕਰਕੇ ਢੱਲ ਨੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਹਾਲਾਂਕਿ ਅਸ਼ਵਨੀ ਅਗਰਵਾਲ ਦਾ ਨਾਮ ਵੀ ਦਾਅਵੇਦਾਰਾਂ ਵਿੱਚ ਹੈ ਪਰ ਢੱਲ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਨਾਰਥ ਵਿੱਚ ਢੱਲ ਹੀ ਸਭ ਤੋਂ ਵੱਡਾ ਚਿਹਰਾ ਹਨ। ਨਾਰਥ ਹਲਕਾ ਇਸ ਵੇਲੇ ਸਭ ਤੋਂ ਗਰਮ ਸਿਆਸੀ ਜੰਗ ਦਾ ਮੈਦਾਨ ਬਣਿਆ ਹੋਇਆ ਹੈ।
ਜਲੰਧਰ ਵੈਸਟ: ਭਗਤ ਵਿਰੁੱਧ ਗੁੱਸਾ, ਸ਼ੋਭਾ ਭਗਤ ਨੇ ਕਸਿਆ ਮੋਰਚਾ
ਮੌਜੂਦਾ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਵਿਰੁੱਧ ਹਲਕੇ ਵਿੱਚ ਐਂਟੀ-ਇੰਕੰਬੈਂਸੀ ਦੀ ਗੱਲ ਚੱਲ ਰਹੀ ਹੈ। ਪਾਰਟੀ ਵਿੱਚੋਂ ਸੁਰ ਉੱਠ ਰਹੇ ਹਨ ਕਿ ਜੇ ਭਗਤ ਬਿਰਾਦਰੀ ਤੋਂ ਹੀ ਟਿਕਟ ਦੇਣੀ ਹੈ ਤਾਂ ਸ਼ੋਭਾ ਭਗਤ ਨੂੰ ਮੌਕਾ ਦਿੱਤਾ ਜਾਵੇ। ਸ਼ੋਭਾ ਮਹਿਲਾ ਵੋਟਰਾਂ ਵਿੱਚ ਆਪਣਾ ਪ੍ਰਭਾਵ ਵਧਾ ਰਹੀ ਹੈ ਤੇ ਵੈਸਟ ਵਿੱਚ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।
ਜਲੰਧਰ ਸੈਂਟਰਲ: ਲਾਵਾਰਿਸ ਹਲਕਾ
ਜਲੰਧਰ ਸੈਂਟਰਲ ਹਲਕਾ ਇਸ ਵੇਲੇ ਲਾਵਾਰਿਸ ਹਲਕੇ ਵਾਂਗ ਦਿਖ ਰਿਹਾ ਹੈ। ਹਾਲਾਂਕਿ ਹਲਕਾ ਇੰਚਾਰਜ ਨਿਤਿਨ ਕੋਹਲੀ ਹਨ ਪਰ ਉਨ੍ਹਾਂ ਦੀ ਗਤੀਵਿਧੀ ਘੱਟ ਨਜ਼ਰ ਆ ਰਹੀ ਹੈ। ਦੀਪਕ ਬਾਲੀ ਵੀ ਪਾਰਟੀ ਵਿੱਚ ਸਰਗਰਮ ਹਨ ਪਰ ਸੈਂਟਰਲ ਵਿੱਚ ਪਾਰਟੀ ਦੀ ਕੋਈ ਵੱਡੀ ਮਜ਼ਬੂਤ ਮੌਜੂਦਗੀ ਮਹਿਸੂਸ ਨਹੀਂ ਕੀਤੀ ਜਾ ਰਹੀ। ਲੋਕਾਂ ਵਿੱਚ ਚਰਚਾ ਹੈ ਕਿ ਜੇ ਜਲਦੀ ਕੋਈ ਤਿੱਖਾ ਚਿਹਰਾ ਨਹੀਂ ਲਿਆਂਦਾ ਗਿਆ ਤਾਂ ਸੈਂਟਰਲ ਹਲਕਾ ਚੋਣਾਂ ਵਿੱਚ ਕਮਜ਼ੋਰ ਰਹੇਗਾ।
ਜਲੰਧਰ ਕੈਂਟ: ਟਿਕਟ ਲਈ ਤਗੜੀ ਦੌੜ
ਕੈਂਟ ਹਲਕੇ ਵਿੱਚ ਮੌਜੂਦਾ ਇੰਚਾਰਜ ਰਾਜਵਿੰਦਰ ਥਿਆੜਾ ਦੀ ਸਥਿਤੀ ਮਜ਼ਬੂਤ ਚੱਲ ਰਹੀ ਹੈ ਉਸਦੇ ਦੇ ਨਾਲ-ਨਾਲ ਡਿਪਟੀ ਮੇਅਰ ਮਲਕੀਅਤ ਸੁਭਾਣਾ ਅਤੇ ਚੇਅਰਮੈਨ ਮੰਗਲ ਸਿੰਘ ਵੀ ਆਪਣੀ ਲਾਬੀ ਤਗੜੀ ਕਰ ਰਹੇ ਹਨ। ਕੈਂਟ ਵਿੱਚ ਟਿਕਟ ਹਾਸਲ ਕਰਨ ਲਈ ਵੱਡਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ।
ਆਮ ਆਦਮੀ ਪਾਰਟੀ ਵਿੱਚ ਇਸ ਸਮੇਂ ਸਭ ਤੋਂ ਵੱਡੀ ਚਰਚਾ ਦਿਨੇਸ਼ ਢੱਲ ਦੀ ਵਾਪਸੀ ਅਤੇ ਸੈਂਟਰਲ ਹਲਕੇ ਦੇ ਲਾਵਾਰਿਸ ਬਣੇ ਰਹਿਣ ਦੀ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਫ਼ੈਸਲਾ ਹੋਵੇਗਾ ਕਿ ਨਾਰਥ ਵਿੱਚ ਢੱਲ ਦੀ ਟਿਕਟ ਪੱਕੀ ਹੁੰਦੀ ਹੈ ਜਾਂ ਕੋਈ ਚੌਕਾਣ ਵਾਲਾ ਉਲਟਫੇਰ ਹੁੰਦਾ ਹੈ।
















