ਗੁਰੂਗ੍ਰਾਮ (ਹਨੀ ਸਿੰਘ)- ਹਰਿਆਣਾ ਦੇ ਗੁਰੂਗ੍ਰਾਮ ਵਿੱਚ ਯੂਟਿਊਬਰ ਐਲਵਿਸ਼ ਯਾਦਵ ਦੇ ਘਰ ਦੇ ਬਾਹਰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਬਾਰੀ ਕਰਨ ਤੋਂ ਕੁਝ ਘੰਟਿਆਂ ਬਾਅਦ, ਇੱਕ ਇੰਸਟਾਗ੍ਰਾਮ ਪੋਸਟ ਸਾਹਮਣੇ ਆਈ ਜਿਸ ਵਿੱਚ ‘ਭਾਉ ਗੈਂਗ’ ਨੇ ਹਮਲੇ ਦੀ ਜ਼ਿੰਮੇਵਾਰੀ ਲਈ। ਪੁਲਸ ਦੇ ਅਨੁਸਾਰ, ਤਿੰਨ ਬਾਈਕ ਸਵਾਰ ਹਮਲਾਵਰਾਂ ਨੇ ਸਵੇਰੇ 5.30 ਵਜੇ ਤੋਂ 6 ਵਜੇ ਦੇ ਵਿਚਕਾਰ ਯਾਦਵ ਦੇ ਘਰ ‘ਤੇ ਦੋ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਭੱਜ ਗਏ।
ਗੈਂਗ ਵੱਲੋਂ ਕੀਤੀ ਗਈ ਪੋਸਟ ਵਿੱਚ ਲਿਖਿਆ ਗਿਆ ਕਿ ਐਲਵਿਸ਼ ਦੇ ਘਰ ‘ਤੇ ਜੋ ਗੋਲੀਆਂ ਚਲਾਈਆਂ ਗਈਆਂ ਉਹ ਨੀਰਜ ਫਰੀਦਪੁਰ ਅਤੇ ਰਿਤੋਲੀਆ ਨੇ ਚਲਾਈਆਂ ਹਨ। ਨਾਲ ਹੀ ਚੇਤਾਵਨੀ ਦਿੱਤੀ ਕਿ ਜੋ ਵੀ ਸੋਸ਼ਲ ਮੀਡੀਆ ‘ਤੇ ਸੱਟੇ ਦਾ ਪ੍ਰਚਾਰ ਕਰੇਗਾ, ਉਸਨੂੰ ਕਦੇ ਵੀ ਕਾਲ ਜਾਂ ਗੋਲੀ ਆ ਸਕਦੀ ਹੈ। ਹਾਲਾਂਕਿ, ਇਸ ਪੋਸਟ ਦੀ ਅਧਿਕਾਰਿਕ ਪੁਸ਼ਟੀ ਅਜੇ ਤੱਕ ਨਹੀਂ ਹੋਈ।
ਫਾਇਰਿੰਗ ਵੇਲੇ ਐਲਵਿਸ਼ ਯਾਦਵ ਘਰ ‘ਚ ਮੌਜੂਦ ਨਹੀਂ ਸਨ, ਉਹ ਉਸ ਵੇਲੇ ਵਿਦੇਸ਼ ‘ਚ ਸਨ। ਘਰ ਵਿੱਚ ਸਿਰਫ ਉਨ੍ਹਾਂ ਦੀ ਮਾਤਾ ਅਤੇ ਕੇਅਰ ਟੇਕਰ ਮੌਜੂਦ ਸਨ। ਗੋਲੀਬਾਰੀ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਗਾਇਕ ਫ਼ਾਜ਼ਿਲਪੁਰੀਆ ਅਤੇ ਉਨ੍ਹਾਂ ਦੇ ਫਾਇਨੈਂਸਰ ਦੇ ਘਰ ‘ਤੇ ਭਾਉ ਗੈਂਗ ਵੱਲੋਂ ਫਾਇਰਿੰਗ ਕੀਤੀ ਜਾ ਚੁੱਕੀ ਹੈ।
















