23 ਅਗਸਤ 2025 ਨੂੰ ਇਕ ਬਹੁਤ ਹੀ ਅਜੀਬੋ-ਗਰੀਬ ਘਟਨਾ ਦੇਖਣ ਨੂੰ ਮਿਲਣ ਵਾਲੀ ਹੈ। ਇਸ ਰਾਤ ਚੰਨ ਗਾਇਬ ਹੋ ਜਾਵੇਗਾ। ਗਰਮੀ ਜਾਂ ਸਰਦੀ ‘ਚ 4 ਮੱਸਿਆ ਹੁੰਦੀਆਂ ਹਨ ਤਾਂ ਚੌਥੀ ਮੱਸਿਆ ਨੂੰ ਬਲੈਕ ਮੂਨ (Black Moon) ਕਿਹਾ ਜਾਂਦਾ ਹੈ। ਪਹਿਲਾਂ ਇਹ ਸ਼ਬਦ ਜੋਤਿਸ਼ ‘ਚ ਕਲਪਨਾਤਮਕ ਚੰਨ ਲਈ ਵਰਤਿਆ ਜਾਂਦਾ ਸੀ, ਪਰ ਹੁਣ ਖਗੋਲ ਵਿਗਿਆਨ ‘ਚ ਇਸ ਦਾ ਇਸਤੇਮਾਲ ਇਕ ਅਨੋਖੀ ਘਟਨਾ ਵਜੋਂ ਹੁੰਦਾ ਹੈ। ਬਲੂ ਮੂਨ ਵਾਂਗ, ਇਹ ਵੀ ਚੰਨ ਦੇ ਵਿਸ਼ੇਸ਼ ਚੱਕਰ ਨਾਲ ਜੁੜਿਆ ਹੁੰਦਾ ਹੈ। ਚੰਨ ਹਰ ਸਾਲ ਧਰਤੀ ਦੇ ਲਗਭਗ 12.37 ਚੱਕਰ ਲਗਾਉਂਦਾ ਹੈ, ਜਿਸ ਕਾਰਨ ਜ਼ਿਆਦਾਤਰ ਸਾਲਾਂ ‘ਚ 12 ਮੱਸਿਆ ਹੁੰਦੀਆਂ ਹਨ ਪਰ ਕਈ ਵਾਰ 13 ਵੀ ਹੋ ਸਕਦੀਆਂ ਹਨ। ਮੱਸਿਆ ਦੇ ਦਿਨ ਚੰਨ ਧਰਤੀ ਅਤੇ ਸੂਰਜ ਦੇ ਵਿਚਕਾਰ ਹੁੰਦਾ ਹੈ, ਜਿਸ ਨਾਲ ਉਸ ਦਾ ਰੌਸ਼ਨੀ ਵਾਲਾ ਪਾਸਾ ਧਰਤੀ ਵੱਲ ਨਹੀਂ ਹੁੰਦਾ, ਇਸ ਲਈ ਚੰਨ ਨਜ਼ਰ ਨਹੀਂ ਆਉਂਦਾ।
ਬਲੈਕ ਮੂਨ ਦੇ ਪ੍ਰਕਾਰ
ਜਦੋਂ ਇਕ ਹੀ ਮਹੀਨੇ ‘ਚ 2 ਮੱਸਿਆ ਪੈਂਦੀਆਂ ਹਨ ਤਾਂ ਇਸ ਨੂੰ ਮਹੀਨਾਵਾਰ ਬਲੈਕ ਮੂਨ (Monthly Black Moon) ਕਹਿੰਦੇ ਹਨ, ਜੋ ਹਰ 29 ਮਹੀਨੇ ‘ਚ ਹੁੰਦਾ ਹੈ। ਜਦੋਂ ਇਕ ਮੌਸਮ ‘ਚ 4 ਮੱਸਿਆ ਹੁੰਦੀਆਂ ਹਨ ਤਾਂ ਮੌਸਮੀ ਬਲੈਕ ਮੂਨ (Seasonal Black Moon) ਹੁੰਦਾ ਹੈ, ਜੋ 33 ਮਹੀਨੇ ‘ਚ ਹੁੰਦਾ ਹੈ। ਪਿਛਲਾ ਬਲੈਕ ਮੂਨ ਸਿਰਫ਼ 8 ਮਹੀਨੇ ਪਹਿਲਾਂ ਹੋਇਆ ਸੀ, ਜੋ ਕਿ ਮਹੀਨਾਵਾਰ ਬਲੈਕ ਮੂਨ ਸੀ। IFL Science ਦੇ ਅਨੁਸਾਰ ਹੁਣ ਅਗਸਤ 2027 ਤੱਕ ਕੋਈ ਵੀ ਬਲੈਕ ਮੂਨ ਦਿਖਾਈ ਨਹੀਂ ਦੇਵੇਗਾ।