ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 6,210 ਕਰੋੜ ਰੁਪਏ ਦੇ ਧੋਖਾਧੜੀ ਦੇ ਮਾਮਲੇ ਵਿੱਚ 16 ਮਈ ਨੂੰ ਯੂਕੋ ਬੈਂਕ ਦੇ ਸਾਬਕਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੁਬੋਧ ਕੁਮਾਰ ਗੋਇਲ ਨੂੰ ਨਵੀਂ ਦਿੱਲੀ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ। ਇਸ ਮਾਮਲੇ ਦੀ ਜਾਂਚ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਏ), 2002 ਦੇ ਤਹਿਤ ਕੀਤੀ ਜਾ ਰਹੀ ਹੈ, ਜਿਸ ਵਿੱਚ ਮੈਸਰਜ਼ ਕੌਨਕਾਸਟ ਸਟੀਲ ਐਂਡ ਪਾਵਰ ਲਿਮਟਿਡ (ਸੀਐਸਪੀਐਲ) ਅਤੇ ਹੋਰ ਸ਼ਾਮਲ ਹਨ। 17 ਮਈ ਨੂੰ, ਗੋਇਲ ਨੂੰ ਕੋਲਕਾਤਾ ਦੀ ਇਕ ਵਿਸ਼ੇਸ਼ ਅਦਾਲਤ (ਪੀਐਮਐਲਏ) ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸਨੇ ਉਸਨੂੰ 21 ਮਈ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ।
ਈਡੀ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ), ਕੋਲਕਾਤਾ ਦੁਆਰਾ ਦਰਜ ਕੀਤੀ ਗਈ ਐਫ਼ਆਈਆਰ ਦੇ ਆਧਾਰ ’ਤੇ ਆਪਣੀ ਜਾਂਚ ਸ਼ੁਰੂ ਕੀਤੀ। ਇਹ ਮਾਮਲਾ ਸੀਐਸਪੀਐਲ ਨੂੰ ਕਰਜ਼ਾ ਸਹੂਲਤਾਂ ਦੀ ਮਨਜ਼ੂਰੀ ਅਤੇ ਬਾਅਦ ਵਿੱਚ 6,210.72 ਕਰੋੜ ਰੁਪਏ (ਬਿਨਾਂ ਵਿਆਜ ਦੇ ਮੂਲ ਰਕਮ) ਦੇ ਕਰਜ਼ਾ ਫ਼ੰਡਾਂ ਨੂੰ ਦੂਜੀ ਥਾਂ ਤਬਦੀਲ ਕਰਨ ਅਤੇ ਹੇਰਾਫੇਰੀ ਨਾਲ ਸਬੰਧਤ ਹੈ।
ਈਡੀ ਦੇ ਅਨੁਸਾਰ, ਗੋਇਲ ਦੇ ਯੂਕੋ ਬੈਂਕ ਦੇ ਸੀਐਮਡੀ ਵਜੋਂ ਕਾਰਜਕਾਲ ਦੌਰਾਨ ਸੀਐਸਪੀਐਲ ਨੂੰ ਵੱਡੀਆਂ ਕ੍ਰੈਡਿਟ ਸਹੂਲਤਾਂ ਮਨਜ਼ੂਰ ਕੀਤੀਆਂ ਗਈਆਂ ਸਨ। ਇਸ ਪੈਸੇ ਨੂੰ ਬਾਅਦ ਵਿੱਚ ਕਰਜ਼ਾ ਲੈਣ ਵਾਲੇ ਸਮੂਹ ਦੁਆਰਾ ਡਾਇਵਰਟ ਕੀਤਾ ਗਿਆ ਅਤੇ ਦੁਰਵਰਤੋਂ ਕੀਤੀ ਗਈ।