ਪੰਜਾਬ ‘ਚ ਹੜ੍ਹ ਦਾ ਖ਼ਤਰਾ ਵੱਧਿਆ : ਸਤਲੁਜ ‘ਚ ਪਾਣੀ ਚੜ੍ਹਿਆ, ਕਈ ਜ਼ਿਲ੍ਹਿਆਂ ‘ਚ ਸਕੂਲ ਬੰਦ

0
44

ਪੰਜਾਬ ‘ਚ ਹੜ੍ਹ ਦਾ ਖ਼ਤਰਾ ਵੱਧਿਆ: ਸਤਲੁਜ ‘ਚ ਪਾਣੀ ਚੜ੍ਹਿਆ, ਕਈ ਜ਼ਿਲ੍ਹਿਆਂ ‘ਚ ਸਕੂਲ ਬੰਦ

ਸਟਾਰ ਨਿਊਜ਼ ਪੰਜਾਬੀ 26 ਅਗਸਤ (ਬਯੂਰੋ) : ਪੰਜਾਬ ਵਿੱਚ ਲਗਾਤਾਰ ਮੀਂਹ ਨੇ ਹੜ੍ਹ ਦੇ ਹਾਲਾਤ ਪੈਦਾ ਕਰ ਦਿੱਤੇ ਹਨ। ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਹੋ ਰਹੀ ਭਾਰੀ ਵਰਖਾ ਦਾ ਅਸਰ ਹੁਣ ਪੰਜਾਬ ਵਿੱਚ ਵੀ ਦਿੱਖ ਰਿਹਾ ਹੈ। ਰਣਜੀਤ ਸਾਗਰ ਅਤੇ ਭਾਖੜਾ ਡੈਮਾਂ ਤੋਂ ਵੱਡੀ ਮਾਤਰਾ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਰਾਵੀ ਤੇ ਸਤਲੁਜ ਦਰਿਆਆਂ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ।

ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਕਈ ਪਿੰਡ ਪ੍ਰਭਾਵਿਤ ਹੋਏ ਹਨ। ਗੁਰਦਾਸਪੁਰ ਦੇ ਮਕੋਡਾ ਪੱਤਣ ਦੇ 7 ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ, ਜਦੋਂ ਕਿ ਸੁਲਤਾਨਪੁਰ ਲੋਧੀ ਦੇ ਆਹਲੀ ਕਲਾਂ ਪਿੰਡ ਵਿੱਚ ਬੰਨ੍ਹ ਟੁੱਟਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਭਾਖੜਾ ਡੈਮ ਤੋਂ ਛੱਡੇ ਗਏ 1.80 ਲੱਖ ਕਿਊਸਿਕ ਪਾਣੀ ਕਾਰਨ ਸਤਲੁਜ ਦਰਿਆ ਚੜ੍ਹ ਗਿਆ ਹੈ ਅਤੇ ਕਈ ਪਿੰਡਾਂ ਵਿੱਚ ਪਾਣੀ ਘਰਾਂ ਤੱਕ ਵੜ ਗਿਆ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਉੱਚੀਆਂ ਥਾਵਾਂ ਵੱਲ ਜਾਣ ਲਈ ਗੁਰਦੁਆਰਾ ਸਾਹਿਬ ਤੋਂ ਐਲਾਨ ਕਰਵਾਏ ਜਾ ਰਹੇ ਹਨ।

ਹਰੀਕੇ ਹੈੱਡ ਵਰਕਸ ਤੋਂ ਛੱਡੇ ਗਏ ਪਾਣੀ ਨਾਲ ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹਨ। ਖਤਰੇ ਦੇ ਮੱਦੇਨਜ਼ਰ ਜਲੰਧਰ, ਕਪੂਰਥਲਾ, ਪਠਾਨਕੋਟ ਅਤੇ ਗੁਰਦਾਸਪੁਰ ਦੇ ਨਾਲ-ਨਾਲ ਅੰਮ੍ਰਿਤਸਰ ਦੇ ਅਜਨਾਲਾ ਤੇ ਰਈਆ ਬਲਾਕਾਂ ਵਿੱਚ ਸਕੂਲ ਅੱਜ ਬੰਦ ਹਨ। ਫਾਜ਼ਿਲਕਾ ਦੇ 20 ਹੜ੍ਹ-ਪ੍ਰਭਾਵਿਤ ਪਿੰਡਾਂ ਦੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।

ਮੌਸਮ ਵਿਭਾਗ ਨੇ 9 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ, ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।