ਭਿਆਨਕ ਸੜਕ ਹਾਦਸਾ : ਟਰੱਕ-ਆਟੋ ਦੀ ਟੱਕਰ ਚ 8 ਦੀ ਮੌਤ, ਕਈ ਜ਼ਖਮੀ
ਸਟਾਰ ਨਿਊਜ਼ ਨੈੱਟਵਰਕ (ਬਯੂਰੋ) : ਪਟਨਾ ਜ਼ਿਲ੍ਹੇ ਦੇ ਦਨਿਆਵਾਂ ‘ਚ ਸ਼ਨੀਵਾਰ ਸਵੇਰੇ ਵੱਡਾ ਹਾਦਸਾ ਹੋਇਆ। ਨਲੰਦਾ ਦੇ ਰੇਰੀ ਮਲਮਾ ਪਿੰਡ ਤੋਂ ਫਤੂਹਾ ਗੰਗਾ ਨ੍ਹਾਉਣ ਲਈ ਜਾ ਰਹੇ ਲੋਕ ਆਟੋ ‘ਚ ਸਵਾਰ ਸਨ। ਰਾਹ ਵਿੱਚ ਤੇਜ਼ ਰਫ਼ਤਾਰ ਟਰੱਕ ਨੇ ਆਟੋ ਨੂੰ ਜ਼ੋਰਦਾਰ ਟੱਕਰ ਮਾਰੀ। ਟੱਕਰ ਇੰਨੀ ਭਿਆਨਕ ਸੀ ਕਿ ਆਟੋ ਦੇ ਟੁਕੜੇ-ਟੁਕੜੇ ਹੋ ਗਏ।
ਇਸ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਲੋਕ ਗੰਭੀਰ ਜ਼ਖਮੀ ਹਨ। ਮਰਨ ਵਾਲਿਆਂ ਵਿੱਚ 7 ਔਰਤਾਂ ਅਤੇ 1 ਮਰਦ ਸ਼ਾਮਲ ਹੈ। ਸਾਰੇ ਜ਼ਖਮੀਆਂ ਦਾ ਇਲਾਜ ਪਟਨਾ ‘ਚ ਚੱਲ ਰਿਹਾ ਹੈ।
ਟਰੱਕ ਡਰਾਈਵਰ ਫਰਾਰ
ਟੱਕਰ ਤੋਂ ਬਾਅਦ ਟਰੱਕ ਡਰਾਈਵਰ ਵਾਹਨ ਸਮੇਤ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ।
ਲੋਕਾਂ ਦਾ ਰੋਸ, ਮੁਆਵਜ਼ੇ ਦੀ ਮੰਗ
ਗੁੱਸੇ ਵਿੱਚ ਲੋਕਾਂ ਨੇ ਸ਼ਵ ਨਹੀਂ ਚੁੱਕਣ ਦਿੱਤੇ ਅਤੇ ਟਰੱਕ ਡਰਾਈਵਰ ਨੂੰ ਹਾਜ਼ਰ ਕਰਨ ਦੀ ਮੰਗ ਕੀਤੀ। ਮੌਕੇ ‘ਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਹਿਲਸਾ ਵਿਧਾਇਕ ਕ੍ਰਿਸ਼ਨ ਮੁਰਾਰੀ ਸ਼ਰਨ ਵੀ ਪਹੁੰਚੇ। ਉਨ੍ਹਾਂ ਨੇ ਹਰ ਮ੍ਰਿਤਕ ਪਰਿਵਾਰ ਨੂੰ 1-1 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਇਸ ਵੇਲੇ ਪ੍ਰਸ਼ਾਸਨ ਵੱਲੋਂ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ ਤੁਰੰਤ ਸਹਾਇਤਾ ਦਿੱਤੀ ਗਈ ਹੈ। ਪੋਸਟਮਾਰਟਮ ਤੋਂ ਬਾਅਦ ਹੋਰ ਮੁਆਵਜ਼ਾ ਨਲੰਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤਾ ਜਾਵੇਗਾ।