ਪੁੱਤਰ ਨੇ ਪਿਓ ਨੂੰ ਮਾਰੀ ਗੋਲੀ, ਕਾਰ ਦੀ ਅਗਲੀ ਸੀਟ ਨੂੰ ਲੈ ਕੇ ਹੋਇਆ ਝਗੜਾ

0
1

ਨਵੀਂ ਦਿੱਲੀ- ਰਾਜਧਾਨੀ ਦਿੱਲੀ ਦੇ ਤਿਮਾਰਪੁਰ ਇਲਾਕੇ ਵਿਚ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 26 ਸਾਲ ਦੇ ਨੌਜਵਾਨ ਨੇ ਕਾਰ ਦੀ ਅਗਲੀ ਸੀਟ ‘ਤੇ ਬੈਠਣ ਨੂੰ ਲੈ ਕੇ ਹੋਏ ਝਗੜੇ ਵਿਚ ਆਪਣੇ ਪਿਤਾ ਨੂੰ ਗੋਲੀ ਮਾਰ ਦਿੱਤੀ। ਜ਼ਖਮੀ ਪਿਤਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੋਸ਼ੀ ਪੁੱਤਰ ਨੇ ਆਪਣੇ ਹੀ ਪਿਤਾ ਦੀ ਬੰਦੂਕ ਤੋਂ ਪਿਤਾ ਨੂੰ ਗੋਲੀ ਮਾਰੀ। ਪੁੱਤਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਇਆ ਹੈ, ਉਸ ਦੀ ਪਛਾਣ ਦੀਪਕ ਦੇ ਤੌਰ ‘ਤੇ ਹੋਈ ਹੈ। ਤਿਮਾਰਪੁਰ ਪੁਲਸ ਅੱਗੇ ਦੀ ਕਾਰਵਾਈ ਕਰ ਰਹੀ ਹੈ।

ਕੀ ਹੈ ਪੂਰਾ ਮਾਮਲਾ
ਜਾਣਕਾਰੀ ਮੁਤਾਬਕ ਇਹ ਘਟਨਾ ਵੀਰਵਾਰ ਸ਼ਾਮ ਸਾਢੇ 7 ਵਜੇ ਤਿਮਾਰਪੁਰ ਦੇ ਐੱਮ. ਐੱਸ. ਬਲਾਕ ਨੇੜੇ ਵਾਪਰੀ। ਇਲਾਕੇ ਵਿਚ ਗਸ਼ਤ ਦੌਰਾਨ ਪੁਲਸ ਦੀ ਟੀਮ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਉੱਥੇ ਇਕ ਬਜ਼ੁਰਗ ਸ਼ਖਸ ਖੂਨ ਨਾਲ ਲਹੂ-ਲੁਹਾਨ ਪਿਆ ਸੀ ਅਤੇ ਸਥਾਨਕ ਲੋਕ ਦੋਸ਼ੀ ਤੋਂ ਬੰਦੂਕ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ। ਬਜ਼ੁਰਗ ਸ਼ਖਸ ਦੀ ਖੱਬੀ ਗਲ ‘ਤੇ ਗੋਲੀ ਲੱਗੀ ਸੀ।

ਮ੍ਰਿਤਕ CISF ਤੋਂ ਹੋਇਆ ਸੀ ਸੇਵਾਮੁਕਤ
ਮ੍ਰਿਤਕ ਦੀ ਪਛਾਣ ਤਿਮਾਰਪੁਰ ਦੇ ਰਹਿਣ ਵਾਲੇ ਸੁਰਿੰਦਰ ਸਿੰਘ (60) ਵਜੋਂ ਹੋਈ ਹੈ। ਉਹ ਉੱਤਰਾਖੰਡ ਦੇ ਰਹਿਣ ਵਾਲੇ ਸਨ। ਕਰੀਬ 6 ਮਹੀਨੇ ਪਹਿਲਾਂ ਹੀ ਸੁਰਿੰਦਰ CISF ਤੋਂ ਸੇਵਾਮੁਕਤ ਹੋਏ ਸਨ। ਤਿਮਾਰਪੁਰ ਵਿਚ ਆਪਣੇ ਪਰਿਵਾਰ ਨਾਲ ਸਰਕਾਰੀ ਰਿਹਾਇਸ਼ ਵਿਚ ਰਹਿ ਰਹੇ ਸਨ। ਪੁਲਸ ਨੇ ਦੋਸ਼ੀ ਪੁੱਤਰ ਦੀਪਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਵਾਰਦਾਤ ਵਿਚ ਇਸਤੇਮਾਲ ਕੀਤੀ 12 ਬੋਰ ਦੀ ਬੰਦੂਕ ਅਤੇ 11 ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।