Online Gaming ਰੈਕਟ ’ਤੇ ED ਦਾ ਵੱਡਾ ਐਕਸ਼ਨ, ਕਰੋੜਾਂ ਦੀ ਨਕਦੀ ਤੇ ਗਹਿਣੇ ਬਰਾਮਦ,ਕਾਂਗਰਸ ਵਿਧਾਇਕ ਗ੍ਰਿਫ਼ਤਾਰ
ਸਟਾਰ ਨਿਊਜ਼ ਨੈੱਟਵਰਕ (ਬਯੂਰੋ) : ਆਨਲਾਈਨ ਬੈਟਿੰਗ ਅਤੇ ਗੇਮਿੰਗ ’ਤੇ ਕਾਨੂੰਨ ਬਣਦੇ ਹੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕੀਤੀ ਹੈ। ਕਰਨਾਟਕ ਦੇ ਚਿੱਤਰਦੁਰਗ ਤੋਂ ਕਾਂਗਰਸ ਵਿਧਾਇਕ ਕੇਸੀ ਵੀਰਿੰਦਰ ਉਰਫ਼ ਵੀਰਿੰਦਰ ਪੱਪੀ ਨੂੰ ਗੈਂਗਟੋਕ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਏਜੰਸੀ ਨੇ ਬੈਂਗਲੁਰੂ, ਚਿੱਤਰਦੁਰਗ, ਮੁੰਬਈ, ਗੋਆ ਅਤੇ ਗੈਂਗਟੋਕ ਸਮੇਤ 31 ਥਾਵਾਂ ’ਤੇ ਛਾਪੇਮਾਰੀ ਕੀਤੀ। ਗੋਆ ਦੇ ਪੰਜ ਵੱਡੇ ਕਸੀਨੋ ਵੀ ਨਿਸ਼ਾਨੇ ’ਤੇ ਰਹੇ। ਛਾਪਿਆਂ ਵਿੱਚ 12 ਕਰੋੜ ਰੁਪਏ ਨਕਦ (ਜਿਸ ਵਿੱਚ 1 ਕਰੋੜ ਵਿਦੇਸ਼ੀ ਕਰੰਸੀ ਵੀ), 6 ਕਰੋੜ ਦੇ ਸੋਨੇ-ਚਾਂਦੀ ਦੇ ਗਹਿਣੇ, 10 ਕਿਲੋ ਚਾਂਦੀ ਅਤੇ 4 ਲਗਜ਼ਰੀ ਕਾਰਾਂ ਮਿਲੀਆਂ। ਨਾਲ ਹੀ 17 ਬੈਂਕ ਖਾਤੇ ਅਤੇ 2 ਲਾਕਰ ਫ਼੍ਰੀਜ਼ ਕਰ ਦਿੱਤੇ ਗਏ।
ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਵਿਧਾਇਕ ਅਤੇ ਉਸਦਾ ਭਰਾ King567 ਅਤੇ Raja567 ਨਾਂ ਦੀਆਂ ਆਨਲਾਈਨ ਬੈਟਿੰਗ ਸਾਈਟਾਂ ਚਲਾ ਰਹੇ ਸਨ। ਇਹ ਪੈਸਾ ਦੁਬਈ ਦੀਆਂ ਕੰਪਨੀਆਂ — Diamond Softech, TRS Technologies ਅਤੇ Prime9 Technologies ਰਾਹੀਂ ਘੁਮਾਇਆ ਜਾ ਰਿਹਾ ਸੀ ਅਤੇ ਧਨ ਸ਼ੋਧਨ ਕੀਤਾ ਜਾ ਰਿਹਾ ਸੀ।
ਸਰੋਤਾਂ ਮੁਤਾਬਕ, ਵੀਰਿੰਦਰ ਗੈਂਗਟੋਕ ਵਿੱਚ ਜ਼ਮੀਨ ਲੀਜ਼ ’ਤੇ ਲੈ ਕੇ ਨਵਾਂ ਕਸੀਨੋ ਖੋਲ੍ਹਣ ਗਏ ਸਨ, ਪਰ ਓਥੇ ਹੀ ED ਦੀ ਟੀਮ ਨੇ ਉਹਨਾਂ ਨੂੰ ਕਾਬੂ ਕਰ ਲਿਆ। ਹੁਣ ਉਹਨਾਂ ਨੂੰ ਟ੍ਰਾਂਜ਼ਿਟ ਰਿਮਾਂਡ ’ਤੇ ਬੈਂਗਲੁਰੂ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
ਕਾਰਵਾਈ ਦੌਰਾਨ ਮਿਲੇ ਡੌਕੂਮੈਂਟ ਤੇ ਡਿਜ਼ਿਟਲ ਸਬੂਤ ਦਰਸਾਉਂਦੇ ਹਨ ਕਿ ਕਾਲੇ ਧਨ ਦਾ ਵੱਡਾ ਨੈਟਵਰਕ ਕੰਮ ਕਰ ਰਿਹਾ ਸੀ। ਹੁਣ ED ਜਾਂਚ ਕਰ ਰਹੀ ਹੈ ਕਿ ਇਹ ਗੈਰਕਾਨੂੰਨੀ ਪੈਸਾ ਕਿਹੜੀਆਂ ਜਾਇਦਾਦਾਂ ਅਤੇ ਬਿਜ਼ਨੱਸ ਵਿੱਚ ਲਗਾਇਆ ਗਿਆ। ਏਜੰਸੀ ਨੂੰ ਅੱਗੇ ਹੋਰ ਵੱਡੇ ਖੁਲਾਸਿਆਂ ਦੀ ਉਮੀਦ ਹੈ।