ਅੱਖ ਖੁੱਲ੍ਹਦਿਆਂ ਹੀ ਚੁੱਕਦੇ ਹੋ ਫ਼ੋਨ ਤਾਂ ਸਾਵਧਾਨ ! ਕਿਤੇ ਪੈ ਨਾ ਜਾਣ ਲੈਣੇ ਦੇ ਦੇਣੇ

0
83

ਅੱਜ-ਕੱਲ੍ਹ ਬਹੁਤ ਸਾਰੇ ਲੋਕ ਸਵੇਰੇ ਅੱਖ ਖੁਲ੍ਹਦੇ ਹੀ ਸਭ ਤੋਂ ਪਹਿਲਾਂ ਫ਼ੋਨ ਦੇਖਦੇ ਹਨ। ਇਹ ਆਦਤ ਭਾਵੇਂ ਆਮ ਲੱਗਦੀ ਹੈ ਪਰ ਇਹ ਤੁਹਾਡੇ ਦਿਮਾਗ ਅਤੇ ਮਾਨਸਿਕ ਸਿਹਤ ‘ਤੇ ਗੰਭੀਰ ਅਸਰ ਪਾ ਸਕਦੀ ਹੈ। ਸਵੇਰੇ-ਸਵੇਰੇ ਸਕ੍ਰੀਨ ਟਾਈਮ ਵੱਧਣ ਨਾਲ ਸਿਰਦਰਦ, ਤਣਾਅ ਅਤੇ ਮਾਨਸਿਕ ਥਕਾਵਟ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜੋ ਸਾਰੇ ਦਿਨ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਦੀਆਂ ਹਨ।

ਤਣਾਅ ਵਧਾਉਂਦੀ ਹੈ
ਜਦੋਂ ਤੁਸੀਂ ਸਵੇਰੇ ਫ਼ੋਨ ਖੋਲ੍ਹਦੇ ਹੋ, ਤਾਂ ਵੱਖ-ਵੱਖ ਨੋਟੀਫਿਕੇਸ਼ਨਾਂ- ਜਿਵੇਂ ਕਿ ਮੈਸੇਜ, ਸੋਸ਼ਲ ਮੀਡੀਆ ਅਪਡੇਟ ਜਾਂ ਖ਼ਬਰਾਂ- ਇੱਕੋ ਵਾਰ ਆ ਜਾਂਦੀਆਂ ਹਨ। ਇਹ ਸਭ ਮਿਲ ਕੇ ਦਿਮਾਗ ‘ਚ ਬੇਚੈਨੀ ਪੈਦਾ ਕਰ ਸਕਦੀਆਂ ਹਨ, ਜਿਸ ਨਾਲ ਦਿਨ ਦੀ ਸ਼ੁਰੂਆਤ ਹੀ ਤਣਾਅ ਨਾਲ ਹੋ ਸਕਦੀ ਹੈ।

ਅੱਖਾਂ ‘ਤੇ ਬੁਰਾ ਅਸਰ
ਸਵੇਰੇ ਅੱਖਾਂ ਹਾਲੇ ਆਰਾਮ ਦੀ ਹਾਲਤ ‘ਚ ਹੁੰਦੀਆਂ ਹਨ। ਫ਼ੋਨ ਦੀ ਤੇਜ਼ ਰੌਸ਼ਨੀ ਉਨ੍ਹਾਂ ‘ਚ ਦਰਦ, ਸੁੱਕਾਪਣ ਜਾਂ ਸਿਰਦਰਦ ਪੈਦਾ ਕਰ ਸਕਦੀ ਹੈ ਅਤੇ ਅੱਖਾਂ ਦੀ ਸਿਹਤ ‘ਤੇ ਨੁਕਸਾਨਦਾਇਕ ਪ੍ਰਭਾਵ ਪਾਉਂਦੀ ਹੈ।
ਆਦਤ ਪੈਣ ਦਾ ਖਤਰਾ
ਉੱਠਦੇ ਹੀ ਫ਼ੋਨ ਦੇਖਣ ਦੀ ਆਦਤ ਹੌਲੀ-ਹੌਲੀ ਆਦਤ ਦਾ ਰੂਪ ਲੈ ਸਕਦੀ ਹੈ। ਦਿਮਾਗ ਨੋਟੀਫਿਕੇਸ਼ਨ ਵੇਖ ਕੇ ਖੁਸ਼ੀ ਮਹਿਸੂਸ ਕਰਦਾ ਹੈ, ਜਿਸ ਨਾਲ ਵਾਰ-ਵਾਰ ਫ਼ੋਨ ਚਲਾਉਣ ਦੀ ਆਦਤ ਬਣ ਜਾਂਦੀ ਹੈ ਅਤੇ ਧਿਆਨ ਕੇਂਦ੍ਰਿਤ ਕਰਨ ਦੀ ਸਮਰੱਥਾ ਘਟ ਜਾਂਦੀ ਹੈ।
ਧਿਆਨ ਭੰਗ ਕਰਦੀ ਹੈ
ਲਗਾਤਾਰ ਨੋਟੀਫਿਕੇਸ਼ਨਾਂ ਨਾਲ ਮਨ ਇਕ ਕੰਮ ‘ਤੇ ਟਿਕਿਆ ਨਹੀਂ ਰਹਿੰਦਾ, ਜਿਸ ਕਾਰਨ ਮਹੱਤਵਪੂਰਨ ਕੰਮਾਂ ‘ਚ ਦੇਰੀ ਹੋ ਸਕਦੀ ਹੈ।

ਸਲੀਪ ਸਾਈਕਲ ‘ਤੇ ਅਸਰ
ਸੌਂਣ ਤੋਂ ਪਹਿਲਾਂ ਅਤੇ ਸਵੇਰੇ ਉੱਠਦੇ ਹੀ ਫ਼ੋਨ ਦੇਖਣਾ ਨੀਂਦ ਦੇ ਚੱਕਰ ਨੂੰ ਖਰਾਬ ਕਰਦਾ ਹੈ। ਸਕ੍ਰੀਨ ਤੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਮੇਲਾਟੋਨਿਨ ਦੇ ਬਣਨ ‘ਚ ਰੁਕਾਵਟ ਪਾਂਦੀ ਹੈ, ਜਿਸ ਨਾਲ ਨੀਂਦ ਨਾ ਆਉਣਾ, ਬੇਚੈਨੀ ਅਤੇ ਥਕਾਵਟ ਆਮ ਹੋ ਜਾਂਦੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਸਵੇਰੇ ਉੱਠਦੇ ਹੀ ਫ਼ੋਨ ਦੇਖਣ ਦੀ ਬਜਾਏ ਕੁਝ ਸਮਾਂ ਆਪਣੇ ਮਨ ਅਤੇ ਸਰੀਰ ਨੂੰ ਤਾਜ਼ਾ ਕਰਨ ‘ਤੇ ਲਗਾਉਣਾ ਚਾਹੀਦਾ ਹੈ।