ਟਰੰਪ ਦੇ ਹੁਕਮਾਂ ਦਾ ਅਸਰ : 25 ਅਗਸਤ ਤੋਂ ਅਮਰੀਕਾ ਲਈ ਬੰਦ ਹੋਵੇਗੀ ਭਾਰਤ ਦੀ ਡਾਕ ਸੇਵਾ

0
147

ਟਰੰਪ ਦੇ ਹੁਕਮਾਂ ਦਾ ਅਸਰ : 25 ਅਗਸਤ ਤੋਂ ਅਮਰੀਕਾ ਲਈ ਬੰਦ ਹੋਵੇਗੀ ਭਾਰਤ ਦੀ ਡਾਕ ਸੇਵਾ

ਸਟਾਰ ਨਿਊਜ਼ ਨੈੱਟਵਰਕ (ਬਯੂਰੋ) : ਅਮਰੀਕਾ ਸਰਕਾਰ ਦੇ ਨਵੇਂ ਨਿਯਮਾਂ ਦਾ ਸਿੱਧਾ ਅਸਰ ਭਾਰਤ ਦੀ ਡਾਕ ਸੇਵਾ ‘ਤੇ ਪੈ ਰਿਹਾ ਹੈ। ਭਾਰਤੀ ਡਾਕ ਵਿਭਾਗ ਨੇ ਐਲਾਨ ਕੀਤਾ ਹੈ ਕਿ 25 ਅਗਸਤ, 2025 ਤੋਂ ਅਮਰੀਕਾ ਲਈ ਜ਼ਿਆਦਾਤਰ ਅੰਤਰਰਾਸ਼ਟਰੀ ਡਾਕ ਸੇਵਾਵਾਂ ਅਸਥਾਈ ਤੌਰ ‘ਤੇ ਬੰਦ ਕੀਤੀਆਂ ਜਾਣਗੀਆਂ।

ਡਾਕ ਸੇਵਾ ਕਿਉਂ ਬੰਦ ਹੋ ਰਹੀ ਹੈ?

30 ਜੁਲਾਈ, 2025 ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਦੇਸ਼ ਜਾਰੀ ਕੀਤਾ ਸੀ, ਜਿਸਦੇ ਅਧੀਨ 800 ਡਾਲਰ ਤੱਕ ਦੇ ਸਮਾਨ ‘ਤੇ ਮਿਲਣ ਵਾਲੀ ਡਿਊਟੀ ਛੂਟ ਖਤਮ ਕਰ ਦਿੱਤੀ ਗਈ। ਹੁਣ 29 ਅਗਸਤ ਤੋਂ ਅਮਰੀਕਾ ਜਾਣ ਵਾਲੇ ਹਰ ਸਮਾਨ ‘ਤੇ ਡਿਊਟੀ ਲੱਗੇਗੀ, ਭਾਵੇਂ ਕੀਮਤ ਜੋ ਮਰਜ਼ੀ ਹੋਵੇ।
ਹਾਲਾਂਕਿ, 100 ਅਮਰੀਕੀ ਡਾਲਰ ਤੱਕ ਦੇ ਗਿਫਟ ਆਈਟਮ ਇਸ ਨਿਯਮ ਤੋਂ ਬਾਹਰ ਰਹਿਣਗੇ।

ਅਮਰੀਕਾ ਦੇ ਨਵੇਂ ਨਿਯਮ

ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (CBP) ਨੇ ਕਿਹਾ ਹੈ ਕਿ ਹੁਣ ਸਿਰਫ਼ ਮਨਜ਼ੂਰਸ਼ੁਦਾ ਪਾਰਟੀਆਂ ਅਤੇ ਟਰਾਂਸਪੋਰਟ ਕੰਪਨੀਆਂ ਹੀ ਡਿਊਟੀ ਜਮ੍ਹਾਂ ਕਰਵਾ ਸਕਣਗੀਆਂ। ਪਰ ਡਿਊਟੀ ਜਮ੍ਹਾਂ ਕਰਨ ਦੀ ਪ੍ਰਕਿਰਿਆ ਬਾਰੇ ਹਾਲੇ ਸਪੱਸ਼ਟਤਾ ਨਹੀਂ ਹੈ। ਇਸ ਕਰਕੇ ਏਅਰਲਾਈਨਾਂ ਨੇ ਕਿਹਾ ਹੈ ਕਿ ਉਹ 25 ਅਗਸਤ ਤੋਂ ਬਾਅਦ ਡਾਕ ਕਨਸਾਈਨਮੈਂਟ ਨਹੀਂ ਲੈ ਸਕਣਗੀਆਂ।

ਕੀ ਭੇਜਿਆ ਜਾ ਸਕੇਗਾ?

ਡਾਕ ਵਿਭਾਗ ਨੇ ਦੱਸਿਆ ਹੈ ਕਿ ਹੁਣ ਸਿਰਫ਼ ਚਿੱਠੀਆਂ/ਦਸਤਾਵੇਜ਼ ਅਤੇ 100 ਡਾਲਰ ਤੱਕ ਦੇ ਗਿਫਟ ਆਈਟਮ ਹੀ ਅਮਰੀਕਾ ਭੇਜੇ ਜਾ ਸਕਣਗੇ। ਹੋਰ ਸਾਰੀਆਂ ਅੰਤਰਰਾਸ਼ਟਰੀ ਡਾਕ ਸੇਵਾਵਾਂ ਅਸਥਾਈ ਤੌਰ ‘ਤੇ ਬੰਦ ਰਹਿਣਗੀਆਂ।

ਗਾਹਕਾਂ ਲਈ ਜਾਣਕਾਰੀ

PIB ਦੇ ਮੁਤਾਬਕ, ਜਿਨ੍ਹਾਂ ਗਾਹਕਾਂ ਨੇ ਪਹਿਲਾਂ ਹੀ ਐਸੇ ਸਮਾਨ ਦੀ ਬੁਕਿੰਗ ਕਰਵਾ ਲਈ ਹੈ ਜੋ ਨਵੇਂ ਨਿਯਮਾਂ ਮੁਤਾਬਕ ਨਹੀਂ ਭੇਜੇ ਜਾ ਸਕਦੇ, ਉਨ੍ਹਾਂ ਨੂੰ ਡਾਕ ਫੀਸ ਦਾ ਰਿਫੰਡ ਦਿੱਤਾ ਜਾਵੇਗਾ। ਵਿਭਾਗ ਨੇ ਪਰੇਸ਼ਾਨੀ ਲਈ ਖੇਦ ਜਤਾਇਆ ਹੈ ਅਤੇ ਕਿਹਾ ਹੈ ਕਿ ਉਹ ਜਲਦੀ ਤੋਂ ਜਲਦੀ ਸੇਵਾ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।