ਹਨੀ ਸਿੰਘ ਤੇ ਕਰਨ ਔਜਲਾ ਨੇ ਗਾਣਿਆਂ ‘ਚ ਇਤਰਾਜ਼ਯੋਗ ਸ਼ਬਦਾਵਲੀ ਲਈ ਮੰਗੀ ਮੁਆਫ਼ੀ : ਪੰਜਾਬ ਰਾਜ ਮਹਿਲਾ ਕਮਿਸ਼ਨ !

0
95
Oplus_0

ਪੰਜਾਬੀ ਗਾਇਕ ਕਰਨ ਔਜਲਾ ਅਤੇ ਯੋ ਯੋ ਹਨੀ ਸਿੰਘ ਨੇ ਆਪਣੇ ਗੀਤਾਂ ਵਿੱਚ ਵਰਤੀ ਗਲਤ ਸ਼ਬਦਾਵਲੀ ਲਈ ਪੰਜਾਬ ਮਹਿਲਾ ਕਮਿਸ਼ਨ ਤੋਂ ਮੁਆਫ਼ੀ ਮੰਗ ਲਈ ਹੈ। ਇਹ ਦਾਅਵਾ ਪੰਜਾਬ ਮਹਿਲਾ ਕਮਿਸ਼ਨ ਲਾਲੀ ਗਿੱਲ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਗਾਇਕਾਵਾਂ ਵਿਦੇਸ਼ ਵਿੱਚ ਹਨ। ਦੋਵਾਂ ਨੇ ਫ਼ੋਨ ‘ਤੇ ਕਿਹਾ ਹੈ ਕਿ ਜਦੋਂ ਵੀ ਉਹ ਭਾਰਤ ਪਹੁੰਚਣਗੇ, ਉਹ ਕਮਿਸ਼ਨ ਦੇ ਦਫ਼ਤਰ ਆਉਣਗੇ। ਹਾਲਾਂਕਿ, ਉਨ੍ਹਾਂ ਨੇ 15 ਦਿਨ ਦਾ ਸਮਾਂ ਦੇਣ ਦੀ ਮੰਗ ਕੀਤੀ ਹੈ। ਪੰਜਾਬ ਪੁਲਿਸ ਤੋਂ ਏਆਈਜੀ ਯਾਦਵਿੰਦਰ ਸਿੰਘ ਸਿੱਧੂ ਕਮਿਸ਼ਨ ਕੋਲ ਪਹੁੰਚੇ ਸਨ। ਉਨ੍ਹਾਂ ਨੇ ਆਪਣੀ ਰਿਪੋਰਟ ਵੀ ਦਿੱਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਦੋਵਾਂ ਗਾਇਕਾਂ ਦੇ ਵਕੀਲ ਜਲਦੀ ਹੀ ਆਪਣਾ ਪੱਖ ਪੇਸ਼ ਕਰਨਗੇ।

ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ‘ਤੇ ਹਨੀ ਸਿੰਘ ਅਤੇ ਕਰਨ ਔਜਲਾ ਦੇ ਗਾਣੇ ਸੁਣੇ ਹਨ। ਇਸ ਤੋਂ ਬਾਅਦ ਕਮਿਸ਼ਨ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਗੀਤ ਜਾਂ ਵੀਡੀਓ ’ਚ ਮਾਵਾਂ ਭੈਣਾਂ ਲਈ ਅਜਿਹੀ ਸ਼ਬਦਾਵਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋਵਾਂ ਗਾਇਕਾ ਨੇ ਮੇਰੇ ਕੋਲੋਂ ਇਨ੍ਹਾਂ ਗੀਤਾਂ ਲਈ ਮੁਆਫ਼ੀ ਵੀ ਮੰਗੀ ਹੈ।

ਕਮਿਸ਼ਨ ਨੇ ਪੁਲਿਸ ਨੂੰ ਲਿਖਿਆ ਹੈ ਕਿ ਹਨੀ ਸਿੰਘ ਦੇ ਗੀਤ ‘Millionaire’ ਵਿੱਚ ਮਹਿਲਾਵਾਂ ਵਿਰੁੱਧ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਕਰਨ ਔਜਲਾ ਦੇ ਗੀਤ ‘ਐਮਐਫ ਗੱਭਰੂ’ ਵਿੱਚ ਮਹਿਲਾਵਾਂ ਲਈ ਵੀ ਅਣਉਚਿਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਪੂਰੀ ਤਰ੍ਹਾਂ ਗਲਤ ਹੈ।ਮਹਿਲਾ ਕਮਿਸ਼ਨ ਨੇ ਡੀਜੀਪੀ ਨੂੰ ਹੁਕਮ ਦਿੱਤਾ ਹੈ ਕਿ ਉਹ ਚੰਡੀਗੜ੍ਹ ਦੇ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਸਖ਼ਤ ਕਾਰਵਾਈ ਕਰਨ ਦਾ ਨਿਰਦੇਸ਼ ਦੇਣ। ਪੁਲਿਸ ਦੋਵਾਂ ਗਾਇਕਾਂ ਵਿਰੁੱਧ ਕੀਤੀ ਗਈ ਕਾਰਵਾਈ ਬਾਰੇ ਅੱਜ ਕਮਿਸ਼ਨ ਨੂੰ ਰਿਪੋਰਟ ਵੀ ਦੇਵੇਗੀ।