ਬਿਜਲੀ ਚੋਰੀ ਕਰਨ ਵਾਲੇ ਹੋ ਜਾਓ ਸਾਵਧਾਨ ! ਪਾਵਰਕਾਮ ਕਰ ਰਿਹੈ ਵੱਡੀ ਕਾਰਵਾਈ

0
1

ਬਿਜਲੀ ਦੀ ਵਧਦੀ ਮੰਗ ਦੇ ਵਿਚਕਾਰ ਚੋਰੀ ਦੇ ਕੇਸਾਂ ਵਿਚ ਵੀ ਵਾਧਾ ਹੋ ਰਿਹਾ ਹੈ। ਇਸ ਕਾਰਨ ਪਾਵਰਕਾਮ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸੇ ਸਿਲਸਿਲੇ ਵਿਚ ਬਿਜਲੀ ਚੋਰੀ ਕਰਨ ਵਾਲਿਆਂ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਜਲੰਧਰ ਵਿਚ ਵੱਧ ਲੋਡ ਵਰਤਣ ਸਬੰਧੀ ਕੁੱਲ੍ਹ 68 ਕੇਸ ਫੜਦੇ ਹੋਏ 12.22 ਲੱਖ ਰੁਪਏ ਜੁਰਮਾਨਾ ਕੀਤਾ ਗਿਆ। ਪਾਵਰਕਾਮ ਦੇ ਸਰਕਲ ਹੈੱਡ ਅਤੇ ਡਿਪਟੀ ਚੀਫ਼ ਇੰਜੀਨੀਅਰ ਗੁਲਸ਼ਨ ਚੁਟਾਨੀ ਵੱਲੋਂ ਸ਼ੁੱਕਰਵਾਰ ਨੂੰ ਮੀਟਿੰਗ ਕਰ ਕੇ ਟੀਮਾਂ ਬਣਾਈਆਂ ਗਈਆਂ, ਜਿਸ ਤਹਿਤ ਬੀਤੇ ਦਿਨ ਸੂਰਜ ਨਿਕਲਣ ਤੋਂ ਬਾਅਦ ਅਚਨਚੇਤ ਚੈਕਿੰਗ ਕੀਤੀ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਸਰਕਲ ਦੀਆਂ ਸਾਰੀਆਂ ਪੰਜਾਂ ਡਿਵੀਜ਼ਨਾਂ ਵਿਚ ਐਕਸੀਅਨਾਂ ਦੀ ਪ੍ਰਧਾਨਗੀ ਵਿਚ ਐੱਸ. ਡੀ. ਓ., ਜੇ. ਈ. ਆਦਿ ਫੀਲਡ ਵਿਚ ਤਾਇਨਾਤ ਕੀਤੇ ਗਏ ਅਤੇ ਸਰਕਲ ਵਿਚ 20 ਦੇ ਲਗਭਗ ਟੀਮਾਂ ਨੇ ਇਕੋ ਵੇਲੇ ਸਾਰੇ ਇਲਾਕਿਆਂ ਵਿਚ ਚੈਕਿੰਗ ਮੁਹਿੰਮ ਚਲਾਈ। ‘ਬਿਜਲੀ ਚੋਰੀ ਰੋਕਣਾ ਜ਼ਰੂਰੀ’ ਤਹਿਤ ਜਲੰਧਰ ਸਰਕਲ ਅਧੀਨ ਚੱਲੀ ਇਸ ਮੁਹਿੰਮ ਤਹਿਤ ਪੰਜਾਂ ਡਿਵੀਜ਼ਨਾਂ ਵੱਲੋਂ 962 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ, ਜਿਸ ਵਿਚ ਘਰੇਲੂ ਇੰਡਸਟਰੀ ਅਤੇ ਕਮਰਸ਼ੀਅਲ ਕੁਨੈਕਸ਼ਨ ਸ਼ਾਮਲ ਰਹੇ। ਇਸ ਤਹਿਤ ਬਿਜਲੀ ਚੋਰੀ ਅਤੇ ਬਿਜਲੀ ਦੀ ਗਲਤ ਵਰਤੋਂ ਕਰਨ ਵਾਲੇ 68 ਖ਼ਪਤਕਾਰਾਂ ਨੂੰ 12.22 ਲੱਖ ਜੁਰਮਾਨਾ ਕੀਤਾ ਗਿਆ। ਇਨ੍ਹਾਂ ਵਿਚ ਸਿੱਧੀ ਚੋਰੀ ਦੇ 10 ਕੇਸ ਸ਼ਾਮਲ ਹਨ। ਉਥੇ ਹੀ, ਯੂ. ਈ. (ਲੋਡ ਤੋਂ ਵੱਧ ਵਰਤੋਂ) ਦੇ 58 ਕੇਸ ਫੜੇ ਗਏ ਹਨ। ਉਕਤ ਖ਼ਪਤਕਾਰਾਂ ਵੱਲੋਂ ਮਨਜ਼ੂਰਸ਼ੁਦਾ ਲੋਡ ਤੋਂ ਵੱਧ ਲੋਡ ਦੀ ਵਰਤੋਂ ਕਰਕੇ ਸਿਸਟਮ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ, ਜਿਸ ਕਾਰਨ ਫਾਲਟ ਪੈਂਦੇ ਹਨ ਅਤੇ ਟਰਾਂਸਫਾਰਮਰ ਆਦਿ ਵਿਚ ਖਰਾਬੀ ਆ ਜਾਂਦੀ ਹੈ।