Basketball ਖੇਡਦੇ 15 ਸਾਲ ਦੇ ਬੱਚੇ ਦੇ ਨਿਕਲੇ ਸਾਹ, ਮਾਂ ਪਿਓ ਦਾ ਇਕਲੌਤਾ ਪੁੱਤ ਸੀ ਮਨਵੀਰ

0
23

ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਾਲਵਾ ਸਕੂਲ ਗਿੱਦੜਬਾਹਾ ‘ਚ 15 ਸਾਲ ਦੇ ਬੱਚੇ ਦੀ ਖੇਡਦੇ-ਖੇਡਦੇ ਡਿੱਗਣ ਕਾਰਨ ਸਿਰ ਵਿੱਚ ਵੱਜੀ ਸੱਟ ਦੇ ਚਲਦਿਆਂ ਮੌਤ ਹੋ ਗਈ। ਮ੍ਰਿਤਕ ਬੱਚਾ ਮਨਵੀਰ ਸਿੰਘ ਆਪਣੇ ਮਾਂ ਬਾਪ ਦਾ ਇਕਲੌਤਾ ਪੁੱਤਰ ਸੀ। ਜਿਸ ਦੀ ਮੌਤ ਉਪਰੰਤ ਇਲਾਕੇ ਵਿੱਚ ਸੋਗ ਫੈਲ ਚੁੱਕਿਆ ਹੈ। ਸੀ.ਸੀ.ਟੀ.ਵੀ. ਰਿਕਾਰਡਿੰਗ ਮੁਤਾਬਕ 15 ਸਾਲ ਦਾ ਮਨਵੀਰ ਦੁਪਹਿਰ ਵੇਲੇ ਸਕੂਲ ਵਿੱਚ ਬਾਸਕਿਟ ਬਾਲ ਖੇਡ ਦੀ ਪ੍ਰੈਕਟਿਸ ਕਰ ਰਿਹਾ ਸੀ।

ਜਾਂਚ-ਪੜਤਾਲ ਵਿੱਚ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਬੱਚੇ ਦੇ ਗਰਾਊਂਡ ਵਿੱਚ ਡਿੱਗਣ ਅਤੇ ਡਾਕਟਰ ਦੇ ਹਸਪਤਾਲ ਵਿੱਚ ਪਹੁੰਚਣ ਦਰਮਿਆਨ 40-45 ਮਿੰਟ ਦਾ ਵਕਫਾ ਰਿਹਾ। ਇਹ ਵਕਫਾ ਵੀ ਬੱਚੇ ਦੀ ਮੌਤ ਦਾ ਕਾਰਨ ਹੋ ਸਕਦਾ ਹੈ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਅੱਧੇ ਘੰਟੇ ਤੱਕ ਉਹ ਐਬੂਲੈਂਸ ਦੀ ਉਡੀਕ ਕਰਦੇ ਰਹੇ।

ਇਸ ਮਾਮਲੇ ਤੇ ਡਾਕਟਰ ਰਾਜੀਵ ਜੈਨ ਨੇ ਦੱਸਿਆ ਕਿ ਮਨਵੀਰ ਦੀ ਪਹਿਲਾਂ ਵੀ ਦਵਾਈ ਚੱਲ ਰਹੀ ਸੀ ਪਰ ਜਦੋਂ ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਤਾਂ ਉਸ ਵੇਲੇ ਸਿਰ ਦੀ ਸੱਟ ਕਾਰਨ ਉਸ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ।

ਡਾਕਟਰ ਰਾਜੀਵ ਜੈਨ ਨੇ ਦੱਸਿਆ ਕਿ ਮਾਪਿਆਂ ਨੂੰ ਇਸ ਵੇਲੇ ਬੱਚਿਆਂ ਪ੍ਰਤੀ ਵਿਸ਼ੇਸ਼ ਸੰਵੇਦਨਸ਼ੀਲਤਾ ਵਰਤਦੇ ਹੋਏ ਪੂਰਾ ਧਿਆਨ ਰੱਖਣ ਦੀ ਲੋੜ ਹੈ ਕਿਉਂਕਿ ਘਰ ਤੋਂ ਬਾਹਰ ਦਾ ਇਹ ਹੁੰਮਸ ਭਰਿਆ ਮੌਸਮ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਵਾਸਤੇ ਵਧੇਰੇ ਖਤਰਨਾਕ ਹੈ ਅਤੇ ਅਜਿਹੇ ਹਾਦਸਿਆਂ ਤੋਂ ਸਬਕ ਲੈ ਕੇ ਮਾਪਿਆਂ ਨੂੰ ਵਧੇਰੇ ਚੌਕਸੀ ਵਰਤਣ ਦੀ ਲੋੜ ਹੈ।