ਅਮਰੀਕਾ ਦਾ ਵੱਡਾ ਫੈਸਲਾ : ਵਿਦੇਸ਼ੀ ਟਰੱਕ ਡਰਾਈਵਰਾਂ ਦੇ ਵੀਜ਼ਾ ‘ਤੇ ਤੁਰੰਤ ਰੋਕ
ਸਟਾਰ ਨਿਊਜ਼ ਨੈੱਟਵਰਕ (ਪੰਕਜ ਸੋਨੀ) : ਅਮਰੀਕਾ ‘ਚ ਇਸ ਹਫ਼ਤੇ ਹੋਏ ਇਕ ਘਾਤਕ ਸੜਕ ਹਾਦਸੇ ਤੋਂ ਬਾਅਦ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੁਬਿਓ ਨੇ ਐਲਾਨ ਕੀਤਾ ਹੈ ਕਿ ਹੁਣ ਤੋਂ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਕਿਸੇ ਵੀ ਕਿਸਮ ਦਾ ਵਰਕਰ ਵੀਜ਼ਾ ਜਾਰੀ ਨਹੀਂ ਕੀਤਾ ਜਾਵੇਗਾ।
ਦਰਅਸਲ, ਭਾਰਤ ਦੇ ਰਹਿਣ ਵਾਲੇ ਹਰਜਿੰਦਰ ਸਿੰਘ ‘ਤੇ ਦੋਸ਼ ਹੈ ਕਿ ਉਸ ਨੇ ਫਲੋਰਿਡਾ ‘ਚ ਹਾਈਵੇ ‘ਤੇ ਗੈਰ ਕਾਨੂੰਨੀ ਤਰੀਕੇ ਨਾਲ ਯੂ-ਟਰਨ ਲਿਆ, ਜਿਸ ਕਰਕੇ ਭਿਆਨਕ ਹਾਦਸਾ ਹੋਇਆ। ਇਸ ਦੁਰਘਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਨੇ ਅਮਰੀਕਾ ਵਿੱਚ ਵਿਦੇਸ਼ੀ ਡਰਾਈਵਰਾਂ ਨੂੰ ਲੈ ਕੇ ਤਿੱਖੀ ਚਰਚਾ ਛੇੜ ਦਿੱਤੀ ਹੈ।
ਰੁਬਿਓ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ –
“ਅਮਰੀਕਾ ਦੀਆਂ ਸੜਕਾਂ ‘ਤੇ ਵੱਡੇ ਟਰੈਕਟਰ-ਟ੍ਰੇਲਰ ਚਲਾਉਣ ਵਾਲੇ ਵਿਦੇਸ਼ੀ ਚਾਲਕਾਂ ਦੀ ਵਧਦੀ ਗਿਣਤੀ ਨਾ ਸਿਰਫ਼ ਅਮਰੀਕੀ ਨਾਗਰਿਕਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਰਹੀ ਹੈ, ਸਗੋਂ ਅਮਰੀਕੀ ਟਰੱਕ ਡਰਾਈਵਰਾਂ ਦੀ ਰੋਜ਼ੀ-ਰੋਟੀ ਵੀ ਖਾ ਰਹੀ ਹੈ।”
ਇਹ ਫੈਸਲਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਧੁਰ ਸਮਰਥਕਾਂ ਦੇ ਦਬਾਅ ਤੋਂ ਬਾਅਦ ਲਿਆ ਗਿਆ ਹੈ। ਹਾਦਸੇ ਤੋਂ ਬਾਅਦ ਦੇਸ਼ ਭਰ ਵਿੱਚ ਗੁੱਸੇ ਦੀ ਲਹਿਰ ਹੈ ਅਤੇ ਵਿਦੇਸ਼ੀ ਡਰਾਈਵਰਾਂ ਦੇ ਖਿਲਾਫ਼ ਮਾਹੌਲ ਤਪਿਆ ਹੋਇਆ ਹੈ।
ਅਸਰ: ਵਿਦੇਸ਼ੀ ਟਰੱਕ ਡਰਾਈਵਰਾਂ ਦਾ ਭਵਿੱਖ ਹੁਣ ਸੰਦੇਹ ‘ਚ ਹੈ ਅਤੇ ਇਸ ਫੈਸਲੇ ਦਾ ਸਿੱਧਾ ਪ੍ਰਭਾਵ ਖ਼ਾਸਕਰ ਭਾਰਤ ਸਮੇਤ ਉਹਨਾਂ ਦੇਸ਼ਾਂ ‘ਤੇ ਪੈਣ ਵਾਲਾ ਹੈ, ਜਿਥੋਂ ਵੱਡੀ ਗਿਣਤੀ ‘ਚ ਡਰਾਈਵਰ ਅਮਰੀਕਾ ਜਾਂਦੇ ਹਨ।