ਦਿਹਾਤੀ ਪੁਲਿਸ ਨੇ 114 ਸਾਲਾ ਪ੍ਰਸਿੱਧ ਦੌੜਾਕ ਫੌਜਾ ਸਿੰਘ ਨਾਲ ਜੁੜੇ ਹਿਟ ਐਂਡ ਰਨ ਮਾਮਲੇ ਨੂੰ ਸਿਰਫ਼ 30 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ। ਮੰਗਲਵਾਰ ਦੇਰ ਰਾਤ ਪੁਲਿਸ ਨੇ ਇਸ ਮਾਮਲੇ ‘ਚ 30 ਸਾਲਾ NRI ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਘਟਨਾ ਵਿੱਚ ਵਰਤੀ ਗਈ ਫਾਰਚਿਊਨਰ ਗੱਡੀ ਵੀ ਬਰਾਮਦ ਕਰ ਲਈ ਹੈ।ਜਲੰਧਰ ਦਿਹਾਤੀ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਜਲੰਧਰ ਵਿੱਚ ਇੱਕ ਪ੍ਰੈਸ ਕਾਨਫ਼ਰੰਸ ਕਰਕੇ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਸ਼ਖ਼ਸ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਇਸ ਦੇ ਨਾਲ ਹੀ ਵਾਰਦਾਤ ਵਿੱਚ ਵਰਤੀ ਗਈ ਫਾਰਚਿਊਨਰ ਗੱਡੀ (PB 20 C 7100) ਨੂੰ ਜ਼ਬਤ ਕਰ ਲਿਆ ਗਿਆ ਹੈ, ਹਾਲਾਂਕਿ ਇਸ ਬਾਰੇ ਦਿਹਾਤ ਪੁਲਿਸ ਵੱਲੋਂ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ। ਆਰੋਪੀ ਨੂੰ ਦੇਰ ਰਾਤ ਥਾਣਾ ਭੋਗਪੁਰ ਲਿਆਇਆ ਗਿਆ, ਜਿੱਥੇ ਉਸ ਨਾਲ ਗੰਭੀਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲੰਧਰ ਦੇ ਕਰਤਾਰਪੁਰ ਨੇੜੇ ਪੈਂਦੇ ਪਿੰਡ ਦਾਸੂਪੁਰ ਵਾਸੀ ਅੰਮ੍ਰਿਤਪਾਲ ਸਿੰਘ ਢਿੱਲੋਂ ਪੁੱਤਰ ਸੁਖਵੰਤ ਸਿੰਘ ਨੂੰ ਅੱਜ ਪੁਲਿਸ ਕੋਰਟ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈਵੇਗੀ।
ਪੁਲਿਸ ਨੂੰ ਇਹ ਵੀ ਪਤਾ ਚੱਲਿਆ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀਆਂ ਤਿੰਨ ਭੈਣਾਂ ਤੇ ਮਾਂ ਕੈਨੇਡਾ ‘ਚ ਰਹਿੰਦੇ ਹਨ।
8 ਦਿਨ ਪਹਿਲਾਂ ਹੀ ਵਿਦੇਸ਼ ਤੋਂ ਪਰਤਿਆ ਸੀ ਐਨਆਰਆਈ
ਅੰਮ੍ਰਿਤਪਾਲ ਸਿੰਘ 8 ਦਿਨਾਂ ਪਹਿਲਾਂ ਹੀ ਕੈਨੇਡਾ ਤੋਂ ਪਰਤਿਆ ਸੀ। ਦੇਰ ਰਾਤ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਦੀ ਗੱਡੀ ਵੀ ਬਰਾਮਦ ਕਰ ਲਈ। ਹਾਦਸੇ ਤੋਂ ਇੱਕ ਦਿਨ ਬਾਅਦ ਅੰਮ੍ਰਿਤਪਾਲ ਸਿੰਘ ਕਰਤਾਰਪੁਰ ਨੇੜੇ ਆਪਣੇ ਪਿੰਡ ਗਿਆ। ਉਹ ਜਲੰਧਰ ਨਹੀਂ ਗਿਆ ਸਗੋਂ ਪਿੰਡਾਂ ਦੇ ਰਸਤਿਆਂ ਰਾਹੀਂ ਆਪਣੇ ਪਿੰਡ ਪਹੁੰਚਿਆ। ਮੁੱਢਲੀ ਜਾਂਚ ‘ਚ ਅੰਮ੍ਰਿਤਪਾਲ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ।
ਅੰਮ੍ਰਿਤਪਾਲ ਨੇ ਦੱਸਿਆ ਕਿ ਉਹ ਮੁਕੇਰੀਆਂ ਵੱਲੋਂ ਆਪਣਾ ਫ਼ੋਨ ਵੇਚ ਕੇ ਆ ਰਿਹਾ ਸੀ। ਜਦੋਂ ਉਹ ਬਿਆਸ ਨੇੜੇ ਪਹੁੰਚਿਆ ਤਾਂ ਬਜ਼ੁਰਗ ਉਸ ਦੀ ਗੱਡੀ ਨਾਲ ਟਕਰਾ ਗਿਆ। ਉਸ ਨੂੰ ਇਹ ਨਹੀਂ ਪਤਾ ਸੀ ਕਿ ਬਜ਼ੁਰਗ ਫੌਜਾ ਸਿੰਘ ਹਨ।
ਅੰਮ੍ਰਿਤਪਾਲ ਸਿੰਘ ਵਿਰੁੱਧ ਹਿੱਟ ਐਂਡ ਰਨ, ਲਾਪਰਵਾਹੀ ਕਾਰਨ ਮੌਤ ਅਤੇ ਮੌਕੇ ਤੋਂ ਫਰਾਰ ਹੋਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲਾ ਮਾਤਾ ਰਮਾਈ ਬਾਈ ਅੰਬੇਡਕਰ ਮਾਰਗ ਥਾਣੇ ਵਿੱਚ ਦਰਜ ਕੀਤਾ ਗਿਆ ਹੈ