ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਲੁਧਿਆਣਾ ਦੇ ਬਲਾਕ-2 ਦੇ ਵਿਚ ਲਗਭਗ 20 ਮਹੀਨੇ ਪਹਿਲਾਂ 120.87 ਕਰੋੜ ਰੁਪਏ ਦੇ ਕਥਿਤ ਘਪਲੇ ਦਾ ਸਾਹਮਣਾ ਕਰ ਰਹੇ 3 ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਗਈ ਹੈ। ਮਾਮਲੇ ਦੇ ਪ੍ਰਬੰਧਕੀ ਅਧਿਕਾਰੀ ਵੱਲੋਂ ਪੱਤਰ ਜਾਰੀ ਕਰਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਲੁਧਿਆਣਾ ਦੇ ਬਲਾਕ 2 ਦੇ ਸਾਬਕਾ ਬੀਡੀਪੀਓ ਰੁਪਿੰਦਰਜੀਤ ਕੌਰ, ਸਿਮਰਤ ਕੌਰ ਤੇ ਬੀਡੀਪੀਓ ਗੁਰਪ੍ਰੀਤ ਸਿੰਘ ਮਾਂਗਟ ਨੂੰ ਮੁਅਤਲ ਕੀਤਾ ਗਿਆ ਹੈ। ਵਿਭਾਗ ਦੇ ਉਚ ਅਧਿਕਾਰੀਆਂ ਵੱਲੋਂ ਕਥਿਤ ਕਰੋੜਾਂ ਰੁਪਏ ਦੇ ਹੋਏ ਘਪਲੇ ਸਬੰਧੀ ਇਹ ਐਕਸ਼ਨ ਲਿਆ ਗਿਆ ਹੈ।
ਬਲਾਕ-2 ਅਧੀਨ ਪੈਂਦੇ ਪਿੰਡ ਸਲੇਮਪੁਰ ਸੇਲਕਿਆਣਾ, ਬੌਂਕੜ ਗੁਜਰਾ ਸੇਖੇਵਾਲ ਕੜਿਆਣਾ ਖੁਰਦ ਅਤੇ ਧਨਾਨਸੂ ਐਵਾਰਡ ਮਨੀ ਦੀ ਰਕਮ ਵਿੱਚੋਂ 120.87 ਕਰੋੜ ਰੁਪਏ ਦੇ ਘਪਲੇ ਦੇ ਦੋਸ਼ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤ ਦੇ ਪ੍ਰਬੰਧਕੀ ਸਕੱਤਰ ਵੱਲੋਂ ਤਿੰਨ ਬੀਡੀਪੀਓ ਨੂੰ ਮੁਅੱਤਲ ਕਰ ਦਿੱਤਾ ਹੈ। ਜਦੋਂ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਹੋਰ ਸ਼ੱਕੀ ਬੀਡੀਪੀਓ, ਪੰਚਾਇਤ ਸਕੱਤਰਾਂ ਤੇ ਸਰਪੰਚਾਂ ਦੀ ਭੂਮਿਕਾ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ।