ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿਚ ਬਸੰਤਗੜ੍ਹ ਇਲਾਕੇ ਚ ਕਾਡਵਾ ਨੇੜੇ ਸੀਆਰਪੀਐੱਫ ਜਵਾਨਾਂ ਵਾਲੇ ਵਾਹਨ ਦੇ ਖੱਡ ਵਿਚ ਡਿੱਗਣ ਨਾਲ ਤਿੰਨ ਜਵਾਨਾਂ ਦੀ ਮੌਤ ਹੋ ਗਈ | ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅਰਧ ਸੈਨਿਕ ਬਲ ਦੇ ਜਵਾਨ ਆਪਣੀ ਵਿਸ਼ੇਸ਼ ਗੱਡੀ ਵਿੱਚ ਕਿਤੇ ਜਾ ਰਹੇ ਸਨ।
ਵਧੀਕ ਐੇੱਸਪੀ ਸੰਦੀਪ ਭੱਟ ਨੇ ਦੱਸਿਆ ਕਿ ਹਾਦਸੇ ਬਾਰੇ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪੁੱਜੀ ਪੁਲੀਸ ਟੀਮ ਨੇ ਰਾਹਤ ਤੇ ਬਚਾਅ ਕਾਰਜ ਵਿੱਢ ਦਿੱਤੇ ਹਨ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ। ਸੂਤਰਾਂ ਮੁਤਾਬਕ ਵਾਹਨ ਸੜਕ ਤੋਂ ਬੇਕਾਬੂ ਹੋ ਕੇ ਡੂੰਘੀ ਖੱਡ ਵਿਚ ਜਾ ਡਿੱਗਾ।
ਹਾਦਸਾ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਕਾਡਵਾ ਇਲਾਕੇ ਵਿਚ ਉਦੋਂ ਹੋਇਆ ਜਦੋਂ ਸੀਆਰਪੀਐਫ ਜਵਾਨ ਬਸੰਤਗੜ੍ਹ ਵਿਚ ਇਕ ਅਪਰੇਸ਼ਨ ਮਗਰੋਂ ਬੰਕਰ ਵਾਹਨ ਵਿਚ ਵਾਪਸ ਆ ਰਹੇ ਸਨ। ਨੀਮ ਫੌਜੀ ਬਲਾਂ ਦੀ 187ਵੀਂ ਬਟਾਲੀਅਨ ਦੇ ਇਸ ਵਾਹਨ ਵਿਚ 23 ਜਵਾਨ ਸਵਾਰ ਸਨ।
CRPF ਵਾਹਨ ਹਾਦਸੇ ਦੀ ਖ਼ਬਰ ਮਿਲਦੇ ਹੀ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਮੌਕੇ ‘ਤੇ ਇਕੱਠੇ ਹੋ ਗਏ ਅਤੇ ਫਸੇ ਹੋਏ ਸੈਨਿਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ।
ਇਸ ਭਿਆਨਕ ਹਾਦਸੇ ਵਿੱਚ 16 ਹੋਰ ਸੈਨਿਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।
ਇਹਨਾਂ ਚੋ 5 ਜ਼ਖਮੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਟਵਿੱਟਰ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ਅਤੇ ਇਸ ਸੜਕ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਲਿਖਿਆ, ‘ਕੰਡਵਾ-ਬਸੰਤਗੜ੍ਹ ਖੇਤਰ ਵਿਚ ਸੀਆਰਪੀਐਫ ਦੇ ਇੱਕ ਵਾਹਨ ਨਾਲ ਹਾਦਸੇ ਦੀ ਖ਼ਬਰ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਇਸ ਵਾਹਨ ਵਿੱਚ ਬਹੁਤ ਸਾਰੇ ਸੀਆਰਪੀਐਫ ਜਵਾਨ ਸਵਾਰ ਸਨ। ਮੈਂ ਹੁਣੇ ਹੀ ਊਧਮਪੁਰ ਦੇ ਡੀਸੀ ਸਲੋਨੀ ਰਾਏ ਨਾਲ ਗੱਲ ਕੀਤੀ ਹੈ, ਜੋ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਮੈਨੂੰ ਜਾਣਕਾਰੀ ਦੇ ਰਹੇ ਹਨ। ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ ਹਨ। ਸਥਾਨਕ ਲੋਕ ਵੀ ਹਾਦਸੇ ਦੇ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਜ਼ਖਮੀ ਸੈਨਿਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇ।’