ਪੰਜਾਬ ਦੇ ਮੁੱਖ ਰੇਲਵੇ ਸਟੇਸ਼ਨਾਂ ‘ਤੇ ਡੱਬਾ ਬੰਦ ਖਾਣਾ ਉਪਲਬਧ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਜਨਤਾ ਖਾਨਾ ਦਾ ਨਾਂ ਦਿੱਤਾ ਗਿਆ ਹੈ।
ਰਿਜ਼ਰਵ ਟਿਕਟਾਂ ‘ਤੇ ਸਫਰ ਕਰਨ ਵਾਲੇ ਯਾਤਰੀਆਂ ਨੂੰ ਰੂਟੀਨ ਟਰੇਨਾਂ ‘ਚ ਖਾਣਾ ਮਿਲਦਾ ਹੈ, ਜਦੋਂ ਕਿ ਗੈਰ-ਰਿਜ਼ਰਵਡ ਯਾਤਰੀਆਂ ਨੂੰ ਖਾਣੇ ਬਾਰੇ ਕਾਫੀ ਸੋਚਣਾ ਪੈਂਦਾ ਹੈ। ਇਸ ਦੇ ਨਾਲ ਹੀ ਰੇਲਵੇ ਵੱਲੋਂ ਵੱਡੇ ਪੱਧਰ ‘ਤੇ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਧਿਆਨ ‘ਚ ਰੱਖਦੇ ਹੋਏ ਖਾਣ-ਪੀਣ ਦੀਆਂ ਕੀਮਤਾਂ ਨੂੰ ਲੈ ਕੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸੇ ਸਿਲਸਿਲੇ ‘ਚ ਜਨਤਾ ਖਾਨਾ ਦੇ ਨਾਂ ‘ਤੇ ਸ਼ੁਰੂ ਕੀਤੀ ਯੋਜਨਾ ਤਹਿਤ 7 ਪੂੜੀਆਂ (ਵਜ਼ਨ ਲਗਭਗ 175 ਗ੍ਰਾਮ), 150 ਗ੍ਰਾਮ ਸਬਜ਼ੀ ਅਤੇ ਅਚਾਰ ਸਿਰਫ਼ 15 ਰੁਪਏ ‘ਚ ਉਪਲਬਧ ਕਰਵਾਏ ਜਾ ਰਹੇ ਹਨ। ਇਸ ਨਾਲ ਯਾਤਰੀਆਂ ਨੂੰ ਬਹੁਤ ਹੀ ਸਸਤੀ ਕੀਮਤ ‘ਤੇ ਇਕ ਵਾਰ ਦਾ ਖਾਣਾ ਮਿਲੇਗਾ। ਇਸ ਤੋਂ ਇਲਾਵਾ ਆਈ.ਆਰ.ਸੀ.ਟੀ.ਸੀ ਕਿਫਾਇਤੀ ਭੋਜਨ (ਇਕਨਾਮੀ ਮੀਲ) ਦੀ ਵਿਵਸਥਾ ਮੰਤਰਾਲੇ ਦੁਆਰਾ ਅਲਾਟ ਕੀਤੇ ਗਏ ਕੇਟਰਿੰਗ ਯੂਨਿਟਾਂ ਵਿੱਚ ਕੀਤੀ ਗਈ ਹੈ ਅਤੇ ਇਸ ਦੀ ਕੀਮਤ 20 ਰੁਪਏ ਹੋਵੇਗੀ।
ਸਸਤੇ ਭੋਜਨ ਵਿੱਚ ਖਾਣੇ ਦੀ ਸਮੱਗਰੀ ਅਤੇ ਮਾਤਰਾ ਜਨਤਾ ਖਾਨਾ ਜਿੰਨੀ ਹੀ ਰਹੇਗੀ। ਪਰ ਇਸ ਵਿਚ ਵੱਖਰੀ 300 ਐਮ.ਐਲ. (ਮਿਲੀਲੀਟਰ) ਪਾਣੀ ਦੀ ਬੰਦ ਬੋਤਲ ਮਿਲੇਗੀ। ਜਨਤਾ ਭੋਜਨ ਤੋਂ ਇਲਾਵਾ ਯਾਤਰੀ ਆਪਣੀ ਇੱਛਾ ਮੁਤਾਬਕ ਹੋਰ ਭੋਜਨ ਵੀ ਖਰੀਦ ਸਕਦੇ ਹਨ। ਇਹ ਖਾਣਾ ਰੇਲਵੇ ਵੱਲੋਂ ਕੇਟਰਿੰਗ ਸਟਾਲਾਂ ‘ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਭਵਿੱਖ ਦੀ ਯੋਜਨਾ ਤਹਿਤ ਪੰਜਾਬ ਦੇ ਫ਼ਿਰੋਜ਼ਪੁਰ ਡਿਵੀਜ਼ਨ ਦੇ ਰੇਲਵੇ ਸਟੇਸ਼ਨਾਂ ਜਿਵੇਂ ਜੰਮੂ-ਤਵੀ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਜਲੰਧਰ ਸ਼ਹਿਰ, ਜਲੰਧਰ ਕੈਂਟ, ਸ਼ਹੀਦ ਕੈਪਟਨ ਤੁਸ਼ਾਰ ਮਹਾਜਨ, ਫ਼ਿਰੋਜ਼ਪੁਰ ਕੈਂਟ ‘ਤੇ ਇਹ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।
ਫਿਲਹਾਲ ਇਹ ਸਹੂਲਤ ਸਾਰੇ ਸਟੇਸ਼ਨਾਂ ‘ਤੇ ਉਪਲਬਧ ਨਹੀਂ ਹੋ ਸਕਦੀ, ਕਿਉਂਕਿ ਕਈ ਛੋਟੇ ਸਟੇਸ਼ਨਾਂ ‘ਤੇ ਖਾਣੇ ਦੇ ਸਟਾਲ ਉਪਲਬਧ ਨਹੀਂ ਹਨ। ਇਸ ਕਾਰਨ ਇਹ ਸਹੂਲਤ ਸਿਰਫ਼ ਉਨ੍ਹਾਂ ਸਟੇਸ਼ਨਾਂ ‘ਤੇ ਹੀ ਉਪਲਬਧ ਹੋਵੇਗੀ ਜਿੱਥੇ ਕੇਟਰਿੰਗ ਸਟਾਲ ਉਪਲਬਧ ਹਨ ਅਤੇ ਖਾਣਾ ਪਕਾਇਆ ਜਾਂਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਯਾਤਰੀਆਂ ਨੂੰ ਚੰਗੀ ਕੁਆਲਿਟੀ, ਸਹੀ ਮਾਤਰਾ ਅਤੇ ਵਾਜਬ ਰੇਟਾਂ ‘ਤੇ ਖਾਣ-ਪੀਣ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਡਵੀਜ਼ਨ ਦੇ ਖਾਣ-ਪੀਣ ਦੇ ਸਟਾਲਾਂ ਦੀ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ।
ਵਿਭਾਗ ਵੱਲੋਂ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ ਤਾਂ ਜੋ ਯਾਤਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲ ਸਕਣ।