ਆਪਣੀਆਂ ਬਿਆਨ ਬਾਜ਼ੀਆਂ ਨਾਲ ਚਰਚਾ ਵਿੱਚ ਰਹਿਣ ਵਾਲੇ ਸਿਆਸੀ ਆਗੂਆਂਂ ਵਿੱਚ ਤਾਜ਼ਾ ਨਾਂ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਹਾਲ ਹੀ ‘ਚ ਆਮ ਆਦਮੀ ਪਾਰਟੀ ਛੱਡ ਕੇ ਮੁੜ ਕਾਂਗਰਸ ਵਿੱਚ ਆਏ ਦਲਵੀਰ ਗੋਲਡੀ ਦਾ ਜੁੜ ਗਿਆ ਹੈ, ਜਿਨ੍ਹਾਂ ਨੇ 2027 ਦੀਆਂ ਚੋਣਾਂ ਲੜਨ ਦੀ ਇੱਛਾ ਪ੍ਰਗਟਾਉਂਦੇ ਹੋਏ ਸਿੱਧਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਹਰਾਉਣ ਦਾ ਚੈਲੇਂਜ ਕਰ ਦਿੱਤਾ ਹੈ।
ਦੱਸ ਦਈਏ ਕਿ ਭਾਵੇਂ ਹੀ 2027 ਦੀਆਂ ਚੋਣਾਂ ਨੂੰ ਅਜੇ ਕਾਫੀ ਸਮਾਂ ਪਿਆ ਹੈ। ਅਜੇ ਕਿਸੇ ਵੀ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਇਹ ਤੈਅ ਹੋਇਆ ਹੈ ਕਿ ਕਿਹੜੀ ਪਾਰਟੀ ਵੱਲੋਂ ਕਿਹੜੇ ਉਮੀਦਵਾਰ ਨੂੰ ਟਿਕਟ ਮਿਲੇਗੀ ਪਰ ਕਾਂਗਰਸ ਦੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਖੜ੍ਹੇ ਹੋਣ ਦੀ ਇੱਛਾ ਜਰੂਰ ਜ਼ਾਹਿਰ ਕਰ ਦਿੱਤੀ ਹੈ। ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਚੈਲੇਂਜ ਕਰ ਦਿੱਤਾ ਹੈ। ਗੋਲਡੀ ਨੇ ਕਿਹਾ ਕਿ ‘ਮੇਰੀ ਰੱਬ ਨੇ ਹਰ ਵਾਰ ਸੁਣੀ ਹੈ ਅਤੇ ਮੈਂ ਦਿਲੋਂ ਝੋਲੀ ਅੱਡ ਕੇ ਚਾਹੁੰਦਾ ਹਾਂ ਕਿ ਰੱਬਾ ਇੱਕ ਵਾਰ ਹੋਰ ਸੁਣ ਲਵੇ ਅਤੇ ਮੈਨੂੰ 2027 ਦੀਆਂ ਚੋਣਾਂ ਲੜਨ ਦਾ ਮੌਕਾ ਮਿਲੇ ਅਤੇ ਇਹ ਚੋਣ ਮੈਂ ਮੁੱਖ ਮੰਤਰੀ ਮਾਨ ਦੇ ਸਾਹਮਣੇ ਲੜਾਂ। ਇਸ ਦੌਰਾਨ ਭਾਵੇਂ ਹੀ ਮੈਂ ਹਾਰ ਜਾਵਾਂ, ਮੈਨੂੰ ਜਿੱਤ ਹਾਰ ਤੋਂ ਫਰਕ ਨਹੀਂ ਪੈਂਦਾ ਪਰ ਮੇਰੇ ਮਨ ਦੀ ਇੱਛਾ ਹੈ ਕਿ ਇੱਕ ਵਾਰ ਮੁੱਖ ਮੰਤਰੀ ਨਾਲ ਪੇਚਾ ਪੈ ਜਾਵੇ। ਮੁੱਖ ਮੰਤਰੀ ਵੀ ਇਥੋਂ (ਧੂਰੀ ਹਲਕੇ ‘ਚੋਂ) ਹੀ ਚੋਣ ਲੜੇ ਉਹ ਕਿਸੇ ਹੋਰ ਪਾਸੇ ਨਾ ਜਾਵੇ।’
ਬੀਤੇ ਦਿਨੀਂ ਕਾਂਗਰਸ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਆਪਣੇ ਹਲਕੇ ਧੂਰੀ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੇ ਧੂਰੀ ਹਲਕੇ ਦੇ ਲੋਕਾਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਗੋਲਡੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਧੂਰੀ ਮੁੱਖ ਮੰਤਰੀ ਮਾਨ ਦਾ ਆਪਣਾ ਹਲਕਾ ਹੈ। ਇੱਥੇ ਸਾਢੇ ਤਿੰਨ ਸਾਲਾਂ ਵਿੱਚ ਕੋਈ ਕੰਮ ਨਹੀਂ ਹੋਇਆ ਅਤੇ ਇੱਕ ਸੂਆ ਛੱਤਿਆ ਸੀ, ਉਹ ਵੀ ਚਾਰ ਫੁੱਟ ਉੱਚਾ ਕਰ ਦਿੱਤਾ। ਜਿਸ ਨਾਲ ਸ਼ਹਿਰ 2 ਹਿੱਸਿਆਂ ‘ਚ ਵੰਡਿਆ ਗਿਆ। ਧੂਰੀ ਦਾ 1954 ਵਿੱਚ ਲੱਗਿਆ ਸ਼ੂਗਰ ਮਿੱਲ ਵੀ ਬੰਦ ਹੋ ਚੁੱਕੀ ਹੈ, ਜੋ ਧੂਰੀ ਦੀ ਸ਼ਾਨ ਸੀ। ਪੰਜਾਬ ਸਰਕਾਰ ਵੱਲੋਂ ਇੱਥੇ ਮਾਰਕਫੈਡ ‘ਚ ਪਾਰਕ ਬਣਾਉਣੀ ਸੀ ਉਸਦਾ ਕੰਮ ਵੀ ਵਿਚਾਲੇ ਹੀ ਖੜ੍ਹਾ ਹੈ। ਇਨ੍ਹਾਂ ਵੱਲੋਂ ਸਾਢੇ ਤਿੰਨ ਸਾਲਾਂ ਵਿੱਚ ਧੂਰੀ ਲਈ ਕੁਝ ਵੀ ਨਹੀਂ ਕੀਤਾ ਹੈ।’ ਇਸ ਮੌਕੇ ਗੋਲਡੀ ਨੇ ਕਿਹਾ ਕਿ ਸਰਪੰਚੀ ਦੀਆਂ ਚੋਣਾਂ ਦੌਰਾਨ ਸਾਡੇ ਉਮੀਦਵਾਰ ‘ਆਪ’ ਨੇ ਧੱਕੇ ਨਾਲ ਹਰਾਏ ਸਨ ਅਤੇ ਇਨ੍ਹਾਂ ਦੇ ਸਰਪੰਚ ਮਨਰੇਗਾ ਦਾ ਗਲਤ ਇਸਤੇਮਾਲ ਕਰ ਰਹੇ ਹਨ।