ਖੇਡ ਜਗਤ ਵਿੱਚ ਆਪਣੀਂ ਵੱਖਰੀ ਹੋਂਦ ਰੱਖਣ ਵਾਲੇ ਦੁਨੀਆਂ ਦੇ ਸਭ ਤੋਂ ਬਜ਼ੁਰਗ 114 ਸਾਲ ਦੇ ਐਥਲੀਟ ਫੌਜਾ ਸਿੰਘ ਅੱਜ ਪੰਜ ਤੱਤਾਂ ਵਲੀਨ ਹੋ ਗਏ। ਦੇਸ਼ ਦੁਨੀਆਂ ਦੇ ਨਾਮੀ ਚਿਹਰਿਆਂ ਨੇ ਉਨ੍ਹਾਂ ਨੂੰ ਅੰਤਿਮ ਸਮੇਂ ‘ਚ ਸ਼ਰਧਾਂਜਲੀ ਦੇ ਕੇ ਅਲਵਿਦਾ ਆਖਿਆ ਅਤੇ ਮ੍ਰਿਤਕ ਦੇਹ ਨੂੰ ਅਗਨੀ ਭੇਂਟ ਕੀਤੀ।114 ਸਾਲਾ ਐਥਲੀਟ ਫੌਜਾ ਸਿੰਘ ਅੱਜ ਪੰਜ ਤੱਤਾਂ ‘ਚ ਵਿਲੀਨ ਹੋ ਗਏ। ਜਲੰਧਰ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਬਿਆਸ ਵਿਚ ਉਨ੍ਹਾਂ ਨੂੰ ਰਾਜਕੀ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਦੇ ਪੁੱਤਾਂ ਨੇ ਉਨ੍ਹਾਂ ਨੂੰ ਮੁੱਖ ਅਗਨੀ ਦਿੱਤੀ। ਸਵੇਰੇ 9 ਵਜੇ ਤੋਂ ਦੁਪਹਿਰ ਸਾਢੇ 12 ਵਜੇ ਤੱਕ ਦੇਹ ਨੂੰ ਅੰਤਿਮ ਦਰਸ਼ਨ ਲਈ ਰੱਖਿਆ ਗਿਆ ਸੀ ਜਿਸ ਦੇ ਬਾਅਦ ਅੰਤਿਮ ਯਾਤਰਾ ਕੱਢੀ ਗਈ। ਇਸ ਦੇ ਬਾਅਦ ਪਿੰਡ ਦੇ ਸ਼ਮਸ਼ਾਨਘਾਟ ‘ਤੇ ਸਸਕਾਰ ਕੀਤਾ ਗਿਆ।
ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਗੁਲਾਬ ਚੰਦ ਕਟਾਰੀਆ ਸਣੇ ਕਈ ਨੇਤਾ ਸ਼ਰਧਾਂਜਲੀ ਦੇਣ ਪਹੁੰਚੇ। ਪ੍ਰਧਾਨ ਮੰਤਰੀ ਦਫਤਰ ਵੱਲੋਂ ਵੀ ਪਰਿਵਾਰ ਨੂੰ ਸੋਗ ਸੰਦੇਸ਼ ਭੇਜਿਆ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੀਐੱਮ ਨੇ ਕਿਹਾ ਕਿ ਪਿੰਡ ਦੇ ਸਟੇਡੀਅਮ ਵਿਚ ਫੌਜਾ ਸਿੰਘ ਦਾ ਬੁੱਤ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਹਿੰਦੀਆਂ ਪੀੜ੍ਹੀਆਂ ਤੱਕ ਫੌਜਾ ਸਿੰਘ ਨੂੰ ਯਾਦ ਕੀਤਾ ਜਾਵੇਗਾ।
ਸੀਐਮ ਮਾਨ ਨੇ ਕੀਤਾ ਐਲਾਨ
ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਏ ਸੀਐਮ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ- ਸਰਦਾਰ ਫੌਜਾ ਸਿੰਘ, ਜਿਨ੍ਹਾਂ ਨੇ ਕਈ ਮੈਰਾਥਨ ਜਿੱਤੀਆਂ ਅਤੇ ਨੇ ਦੇਸ਼ ਦਾ ਮਾਣ ਵਧਾਇਆ ਹੈ। ਅੱਜ ਬਹੁਤ ਦੁੱਖ ਦੀ ਗੱਲ ਹੈ ਕਿ ਉਹ ਸਾਡੇ ਵਿਚਕਾਰ ਨਹੀਂ ਰਹੇ। ਇਸ ਮੌਕੇ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਆਈਆਂ ਹਨ ਜੋ ਕਿ ਇਹ ਦਰਸਾਉਂਦੀਆਂ ਹਨ ਕਿ ਲੋਕਾਂ ਦੁਆਰਾ ਉਨ੍ਹਾਂ ਨੂੰ ਕਿੰਨਾ ਪਿਆਰ ਕੀਤਾ ਜਾਂਦਾ ਸੀ।
ਸਰਦਾਰ ਫੌਜਾ ਸਿੰਘ ਹਰ ਇੱਕ ਦੇ ਹਰਮਨ ਪਿਆਰੇ ਸਨ। ਅੱਜ ਉਨ੍ਹਾਂ ਦੇ ਸਸਕਾਰ ਤੋਂ ਬਾਅਦ ਪਰਿਵਾਰ ਅਤੇ ਪੰਚਾਇਤ ਮਿਲ ਕੇ ਜੋ ਵੀ ਫੈਸਲਾ ਕਰੇਗੀ ਸਰਕਾਰ ਨੂੰ ਮਨਜ਼ੂਰ ਹੋਵੇਗਾ, ਉਨ੍ਹਾਂ ਦੇ ਪਿੰਡ ਦੇ ਸਕੂਲ ਦਾ ਨਾਮ ਸਰਦਾਰ ਫੌਜਾ ਸਿੰਘ ਜੀ ਦੇ ਨਾਮ ਤੇ ਹੋਵੇਗਾ, ਉਨ੍ਹਾਂ ਦੇ ਪਿੰਡ ਦੇ ਸਟੇਡੀਅਮ ਵਿੱਚ ਉਨ੍ਹਾਂ ਦਾ ਬੁੱਤ ਵੀ ਬਣਾਇਆ ਜਾਵੇਗਾ ਤਾਂ ਕਿ ਰਹਿੰਦੀਆਂ ਪੀੜੀਆਂ ਤੱਕ ਉਨ੍ਹਾਂ ਨੂੰ ਯਾਦ ਰੱਖਿਆ ਜਾਵੇ। ਜਲੰਧਰ ਇੱਕ ਖੇਡ ਦਾ ਅਹਿਮ ਖੇਤਰ ਮੰਨਿਆ ਜਾਂਦਾ ਹੈ।
ਦੌੜਨ ਦਾ ਕਰੀਅਰ
ਫੌਜਾ ਸਿੰਘ ਨੇ ਆਪਣੀ ਪਤਨੀ ਅਤੇ ਪੁੱਤਰ ਦੀ ਮੌਤ ਸਣੇ ਨਿੱਜੀ ਨੁਕਸਾਨਾਂ ਤੋਂ ਧਿਆਨ ਭਟਕਾਉਣ ਲਈ 89 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ। ਉਹਨਾਂ ਨੇ 90 ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਮੈਰਾਥਨ ਪੂਰੀ ਕੀਤੀ ਅਤੇ ਨੌਂ ਪੂਰੀਆਂ ਮੈਰਾਥਨਾਂ ਵਿੱਚ ਹਿੱਸਾ ਲਿਆ, ਵੱਖ-ਵੱਖ ਉਮਰ ਕੈਟੇਗਰੀ ਵਿੱਚ ਕਈ ਰਿਕਾਰਡ ਬਣਾਏ। ਫੌਜਾ ਸਿੰਘ ਸੰਨ 2000 ਵਿੱਚ ਆਪਣੀ ਮੈਰਾਥਨ ਲੰਦਨ ਵਿੱਚ ਪੂਰੀ ਕੀਤੀ ਸੀ।
‘ਟਰਬਨ ਟੋਰਨਾਡੋ’ ਦੇ ਨਾਮ ਤੋਂ ਹੋਏ ਮਸ਼ਹੂਰ
90 ਸਾਲ ਦੀ ਉਮਰ ਵਿੱਚ, ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਮੈਰਾਥਨ ਦੌੜਨਾ ਸ਼ੁਰੂ ਕਰਕੇ ਦੁਨੀਆ ਲਈ ਇੱਕ ਮਿਸਾਲ ਕਾਇਮ ਕੀਤੀ। ਆਪਣੀ ਸਖ਼ਤ ਮਿਹਨਤ ਅਤੇ ਅਦੁੱਤੀ ਹਿੰਮਤ ਕਾਰਨ, ਉਹ ‘ਟਰਬਨ ਟੋਰਨਾਡੋ’ (ਪਗੜੀਧਾਰੀ ਤੂਫਾਨ) ਵਜੋਂ ਮਸ਼ਹੂਰ ਹੋ ਗਏ।

ਪ੍ਰਾਪਤੀਆਂ
- ਮੈਰਾਥਨ ਰਿਕਾਰਡ:2003 ਵਿੱਚ ਲੰਦਨ ਮੈਰਾਥਨ 6 ਘੰਟੇ ਅਤੇ 2 ਮਿੰਟ ਦੇ ਸਮੇਂ ਨਾਲ ਅਤੇ ਟੋਰਾਂਟੋ ਵਾਟਰਫਰੰਟ ਮੈਰਾਥਨ 92 ਸਾਲ ਦੀ ਉਮਰ ਵਿੱਚ 5 ਘੰਟੇ, 40 ਮਿੰਟ ਅਤੇ 4 ਸਕਿੰਟ ਵਿੱਚ ਪੂਰੀ ਕੀਤੀ।
- ਵਿਸ਼ਵ ਰਿਕਾਰਡ:100 ਸਾਲ ਦੀ ਉਮਰ ਵਿੱਚ ਟੋਰਾਂਟੋ, ਕੈਨੇਡਾ ਵਿੱਚ ਓਨਟਾਰੀਓ ਮਾਸਟਰਜ਼ ਐਸੋਸੀਏਸ਼ਨ ਫੌਜਾ ਸਿੰਘ ਇਨਵੀਟੇਸ਼ਨਲ ਮੀਟ ਵਿੱਚ ਇੱਕ ਦਿਨ ਵਿੱਚ ਅੱਠ ਵਿਸ਼ਵ ਉਮਰ-ਸਮੂਹ ਦੇ ਰਿਕਾਰਡ ਕਾਇਮ ਕੀਤੇ।
- ਓਲੰਪਿਕ ਮਸ਼ਾਲ ਧਾਰਕ:2012 ਵਿੱਚ ਓਲੰਪਿਕ ਮਸ਼ਾਲ ਚੁੱਕੀ।