ਪੁਲਿਸ ਵੱਲੋਂ ਜਾਅਲੀ ਟਰੈਵਲ ਏਜੰਟਾਂ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਅਤੇ ਕਈ ਬਿਨਾਂ ਰਜਿਸਟਰੇਸ਼ਨ ਦੇ ਏਜੰਟਾਂ ਦੇ ਦਫਤਰ ਬੰਦ ਵੀ ਕਰਵਾਏ ਗਏ ਹਨ। ਬਾਵਜੂਦ ਇਸ ਦੇ ਪੰਜਾਬ ਦੇ ਲੋਕ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਤੋਂ ਜਿੱਥੇ ਪੁਲਿਸ ਨੇ 2023 ‘ਚ ਹੋਈ ਠੱਗੀ ਦੇ ਇੱਕ ਮਾਮਲੇ ‘ਚ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਏਐਸਆਈ ਨੂੰ ਵੀ ਕਾਬੂ ਕੀਤਾ ਹੈ।
ਦਰਅਸਲ 2023 ‘ਚ ਇੱਕ ਟਰੈਲਵ ਏਜੰਟ ਵੱਲੋਂ ਅਮਰੀਕਾ ਭੇਜਣ ਦੇ ਨਾਂ ‘ਤੇ ਇੱਕ ਪਰਿਵਾਰ ਨਾਲ ਠੱਗੀ ਮਾਰੀ ਗਈ ਸੀ, ਜਿਸ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਪੂਰਥਲਾ ਪੁਲਿਸ ਲਾਈਨ ਦੇ ਵਿੱਚ ਤਾਇਨਾਤ ਇੱਕ ਏਐਸਆਈ ਸਰਬਜੀਤ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜੋ ਕਿ ਮੁਲਜ਼ਮ ਦਲਜੀਤ ਸਿੰਘ ਦਾ ਭਰਾ ਹੈ। ਪੁਲਿਸ ਜਾਣਕਾਰੀ ਮੁਤਾਬਿਕ ਦੋਵਾਂ ਭਰਾਵਾਂ ਨੇ ਹੀ ਮਿਲ ਕੇ ਪੂਰੇ ਪਰਿਵਾਰ ਨੂੰ ਅਮਰੀਕਾ ਭੇਜਣ ਨੂੰ ਲੈ ਕੇ ਪਹਿਲਾਂ 90 ਲੱਖ ਰੁਪਏ ‘ਚ ਡੀਲ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਬਲੈਕਮੇਲ ਕਰਕੇ ਦਬਾਅ ਪਾਇਆ ਅਤੇ ਪਰਿਵਾਰ ਤੋਂ ਇੱਕ ਕਰੋੜ ਤੋਂ ਵੱਧ ਰੁਪਏ ਲੈ ਲਏ । ਉਸ ਤੋਂ ਬਾਅਦ ਏਜੰਟ ਭਰਾਵਾਂ ਨੇ ਪਰਿਵਾਰ ਨੂੰ ਡੰਕੀ ਲਗਵਾ ਕੇ ਅਮਰੀਕਾ ਭੇਜਿਆ ਅਤੇ ਜਦੋਂ ਪਰਿਵਾਰ ਗੈਰ ਕਾਨੂੰਨੀ ਢੰਗ ਨਾਲ ਉੱਥੇ ਪਹੁੰਚਿਆ ਤਾਂ ਉਥੋਂ ਦੀ ਪੁਲਿਸ ਨੇ ਪੀੜਤ ਨੂੰ ਗ੍ਰਿਫਤਾਰ ਕਰਕੇ ਭਾਰਤ ਡਿਪੋਰਟ ਕਰ ਦਿੱਤਾ। ਗੈਰ ਕਾਨੂੰਨੀ ਢੰਗ ਨਾਲ ਭੇਜਣ ਕਰਕੇ ਪੀੜਤ ਪਰਿਵਾਰ ਨੇ ਲੁਧਿਆਣਾ ਆ ਕੇ ਇਸ ਸਬੰਧੀ ਮਾਡਲ ਟਾਊਨ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕਰਵਾਇਆ ਅਤੇ ਇਨਸਾਫ ਦੀ ਮੰਗ ਕੀਤੀ।