SDM ਦਫ਼ਤਰ ‘ਚ ਵਿਜੀਲੈਂਸ ਦੀ ਰੇਡ; 24 ਲੱਖ ਦੀ ਨਕਦੀ ਬਰਾਮਦ, ਸਟੈਨੋ ਕਾਬੂ, SDM ਫਰਾਰ

SDM ਦਫ਼ਤਰ ‘ਚ ਵਿਜੀਲੈਂਸ ਦੀ ਰੇਡ; 24 ਲੱਖ ਦੀ ਨਕਦੀ ਬਰਾਮਦ, ਸਟੈਨੋ ਕਾਬੂ, SDM ਫਰਾਰ

ਲੁਧਿਆਣਾ ਦੇ ਰਾਏਕੋਟ ‘ਚ SDM ਗੁਰਬੀਰ ਸਿੰਘ ਕੋਹਲੀ ਦੇ ਦਫ਼ਤਰ ‘ਚ ਵੀਰਵਾਰ ਦੀ ਦੇਰ ਰਾਤ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਦਫ਼ਤਰ ‘ਚੋਂ ₹24.06 ਲੱਖ ਨਕਦੀ ਬਰਾਮਦ ਹੋਈ। SDM ਮੌਕੇ ਤੋਂ ਫਰਾਰ ਹੋ ਗਏ, ਜਦਕਿ ਉਨ੍ਹਾਂ ਦੇ ਸਟੈਨੋ ਜਤਿੰਦਰ ਸਿੰਘ ਨੂੰ ਵਿਜੀਲੈਂਸ ਨੇ ਹਿਰਾਸਤ ‘ਚ ਲੈ ਲਿਆ

ਮਾਮਲਾ ਰਾਏਕੋਟ ਦੇ ਪਿੰਡ ਬੜੈਚ ਦੇ ਦੋ ਸੱਗੇ ਭਰਾ, ਬਲਦੇਵ ਸਿੰਘ ਅਤੇ ਸੁਖਦੇਵ ਸਿੰਘ ਦੀ 14 ਏਕੜ ਜ਼ਮੀਨ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਜ਼ਮੀਨ ਦਾ ਇੰਤਕਾਲ ਚੜ੍ਹਾਉਣ ਲਈ 25 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ।

ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਟੀਮ ਨੇ ਸਭ ਤੋਂ ਪਹਿਲਾਂ SDM ਦਫ਼ਤਰ ‘ਚ ਛਾਪਾ ਮਾਰਿਆ। ਵਿਵਾਦ ਵੱਧਣ ‘ਤੇ ਵਿਜੀਲੈਂਸ ਨੂੰ ਲੁਧਿਆਣਾ ਤੋਂ ਬੁਲਾਇਆ ਗਿਆ। DSP ਸ਼ਿਵਚੰਦ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਲਗਭਗ ਦੋ ਘੰਟੇ ਚੱਲੀ ਕਾਰਵਾਈ ਦੌਰਾਨ ਕਿਸੇ ਵੀ ਮੀਡੀਆ ਕਰਮੀ ਜਾਂ ਖੁਫੀਆ ਵਿਭਾਗ ਦੇ ਕਰਮਚਾਰੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

 

ਵਿਜੀਲੈਂਸ ਵੱਲੋਂ ਸਟੈਨੋ ਤੋਂ ਪੁੱਛਗਿੱਛ ਕਰਨ ਤੋਂ ਬਾਅਦ SDM ਦੇ ਖ਼ਿਲਾਫ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। DSP ਸ਼ਿਵਚੰਦ ਸਟੈਨੋ ਜਤਿੰਦਰ ਸਿੰਘ ਨੂੰ ਆਪਣੇ ਨਾਲ ਲੈ ਕੇ ਲੁਧਿਆਣਾ ਚਲੇ ਗਏ ਹਨ। ਦੂਜੇ ਪਾਸੇ, ਰਿਸ਼ਵਤਕਾਰੀ ਦਾ ਮਾਮਲਾ ਸਾਹਮਣੇ ਆਉਣ ‘ਤੇ ਕਿਸਾਨ ਜਥੇਬੰਦੀਆਂ ਨੇ SDM ਦੇ ਫਰਾਰ ਹੋਣ ਤੋਂ ਬਾਅਦ ਹੱਥਾਂ ਵਿੱਚ ਬੈਨਰ ਫੜ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਪੰਜ ਕਰੋੜ ਮੁੱਲ ਦੀ ਹੈ ਸੱਤ ਏਕੜ ਜ਼ਮੀਨ, ਦੂਜੀ ਹੀ ਤਾਰੀਖ਼ ਨੂੰ ਕੇਸ ਕਰ ਦਿੱਤਾ ਖ਼ਾਰਜ

ਜਾਣਕਾਰੀ ਮੁਤਾਬਕ, ਪਿੰਡ ਬੜੈਚ ਦੇ ਰਹਿਣ ਵਾਲੇ ਦੋ ਸੱਗੇ ਭਰਾ ਬਲਦੇਵ ਸਿੰਘ ਅਤੇ ਸੁਖਦੇਵ ਸਿੰਘ ਕੋਲ ਕੁੱਲ 28 ਏਕੜ ਜ਼ਮੀਨ ਸੀ, ਜਿਸ ਵਿੱਚ ਦੋਵਾਂ ਦੇ ਹਿੱਸੇ 14-14 ਏਕੜ ਆਉਂਦੇ ਸਨ। ਵੱਡੇ ਭਰਾ ਬਲਦੇਵ ਸਿੰਘ ਦੇ ਦੋ ਪੁੱਤਰ ਹਨ, ਜਿਨ੍ਹਾਂ ਦੇ ਨਾਂ ਜਸਪਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਹਨ। ਹਰਪ੍ਰੀਤ ਸਿੰਘ ਇਸ ਵੇਲੇ ਕੈਨੇਡਾ ਵਿੱਚ ਹੈ, ਜਿਸ ਨੇ ਆਪਣੀ ਪਹਿਲੀ ਪਤਨੀ ਨੂੰ ਛੱਡ ਕੇ ਦੂਜੀ ਵਿਆਹ ਕਰ ਲਿਆ। ਉਸਦੀ ਪਹਿਲੀ ਪਤਨੀ ਤੋਂ ਤਿੰਨ ਧੀਆਂ ਅਤੇ ਇੱਕ ਪੁੱਤਰ ਪੈਦਾ ਹੋਏ, ਜੋ ਸਾਰੇ ਕੈਨੇਡਾ ਵਿੱਚ ਹੀ ਰਹਿੰਦੇ ਹਨ।

 

ਦਾਦਾ ਪੋਤੀਆਂ-ਪੋਤੇ ਦੇ ਨਾਂ ਕਰਵਾਉਣਾ ਚਾਹੁੰਦਾ ਸੀ ਜ਼ਮੀਨ
ਬਲਦੇਵ ਸਿੰਘ ਨੇ ਪਹਿਲਾਂ ਹੀ ਆਪਣੇ ਹਿੱਸੇ ਦੀ 14 ਏਕੜ ਜ਼ਮੀਨ ਆਪਣੇ ਦੋ ਪੁੱਤਰਾਂ ਜਸਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਵਿਚ ਬਰਾਬਰ ਵੰਡ ਦਿੱਤੀ ਸੀ। ਪਰ ਹੁਣ ਹਰਪ੍ਰੀਤ ਸਿੰਘ ਦੇ ਦੂਜੇ ਵਿਆਹ ਤੋਂ ਬਾਅਦ, ਬਲਦੇਵ ਸਿੰਘ 5 ਕਰੋੜ ਰੁਪਏ ਮੁੱਲ ਵਾਲੀ 7 ਏਕੜ ਜ਼ਮੀਨ ਆਪਣੇ ਤਿੰਨ ਪੋਤੀਆਂ ਅਤੇ ਇੱਕ ਪੋਤੇ ਦੇ ਨਾਂ ਕਰਵਾਉਣਾ ਚਾਹੁੰਦਾ ਸੀ।

ਪਰ ਪਿਤਾ ਬਲਦੇਵ ਸਿੰਘ ਦੀ ਇੱਛਾ ਦੇ ਉਲਟ, ਹਰਪ੍ਰੀਤ ਸਿੰਘ ਨੇ ਆਪਣੀ 7 ਏਕੜ ਜ਼ਮੀਨ ਆਪਣੇ ਚਾਚਾ ਸੁਖਦੇਵ ਸਿੰਘ ਦੀ ਧੀ ਸੰਦੀਪ ਕੌਰ ਦੇ ਨਾਂ ਕਰ ਦਿੱਤੀ ਅਤੇ ਦੱਸਿਆ ਕਿ ਇਹ ਜ਼ਮੀਨ ਉਸਨੇ ਆਪਣੀ ਭੈਣ ਨੂੰ ਦਾਨ ਵਿੱਚ ਦਿੱਤੀ ਹੈ, ਜਿਸਦਾ ਇੰਤਕਾਲ ਸੰਦੀਪ ਕੌਰ ਦੇ ਨਾਂ ਚੜ੍ਹਾਇਆ ਗਿਆ।

 

SDM ਕੋਰਟ ਵਿੱਚ ਦਾਇਰ ਕੀਤਾ ਗਿਆ ਸੀ ਕੇਸ
ਬਲਦੇਵ ਸਿੰਘ ਨੇ ਆਪਣੇ ਪੁੱਤਰ ਹਰਪ੍ਰੀਤ ਸਿੰਘ ਅਤੇ ਭਤੀਜੀ ਸੰਦੀਪ ਕੌਰ ਦੇ ਖ਼ਿਲਾਫ ਇੰਤਕਾਲ ਤੋੜਵਾਉਣ ਲਈ SDM ਦੀ ਕੋਰਟ ਵਿੱਚ ਇਕ ਕੇਸ ਦਾਇਰ ਕੀਤਾ ਸੀ। ਇਸ ਕੇਸ ਦੀ ਪਹਿਲੀ ਸੁਣਵਾਈ 29 ਮਈ ਨੂੰ ਹੋਈ ਅਤੇ ਅੱਜ ਵੀਰਵਾਰ ਨੂੰ ਦੂਜੀ ਤਾਰੀਖ਼ ‘ਤੇ SDM ਨੇ ਬਲਦੇਵ ਸਿੰਘ ਦਾ ਕੇਸ ਹੀ ਰੱਦ ਕਰ ਦਿੱਤਾ। ਚਰਚਾ ਇਹ ਹੈ ਕਿ ਹਰਪ੍ਰੀਤ ਸਿੰਘ ਅਤੇ ਸੰਦੀਪ ਕੌਰ ਵਾਲੀ ਪਾਰਟੀ ਵੱਲੋਂ ₹25 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਗਈ।