DSP ਗੁਰਸ਼ੇਰ ਸਿੰਘ ਸੰਧੂ ਵਿਰੁਧ ਧੋਖਾਧੜੀ ਦਾ ਕੇਸ ਦਰਜ

DSP ਗੁਰਸ਼ੇਰ ਸਿੰਘ ਸੰਧੂ ਵਿਰੁਧ ਧੋਖਾਧੜੀ ਦਾ ਕੇਸ ਦਰਜ

ਮੁਹਾਲੀ ਪੁਲਿਸ ਦੇ ਐਨਕਾਊਂਟਰ ਸਪੈਸ਼ਲਿਸਟ ਮੰਨੇ ਜਾਂਦੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਵਿਰੁਧ ਧੋਖਾਧੜੀ ਤੇ ਜਾਅਲਸਾਜ਼ੀ ਦੀ ਐਫ਼ਆਈਆਰ ਦਰਜ ਕੀਤੀ ਗਈ ਹੈ। ਡੀਐਸਪੀ ਵਿਰੁਧ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਭ੍ਰਿਸ਼ਟਾਚਾਰ ਐਕਟ ਦਾ ਕੇਸ ਵੀ ਦਰਜ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਡੀਐਸਪੀ ਗੁਰਸ਼ੇਰ ‘ਤੇ ਵਿਵਾਦਤ ਜ਼ਮੀਨਾਂ ਸਸਤੇ ਭਾਅ ‘ਤੇ ਖ਼੍ਰੀਦਣ ਅਤੇ ਫਿਰ ਮਹਿੰਗੇ ਭਾਅ ‘ਤੇ ਵੇਚਣ ਅਤੇ ਅਪਣੇ ਹੀ ਜਾਣਕਾਰਾਂ ਰਾਹੀਂ ਝੂਠੀਆਂ ਸ਼ਿਕਾਇਤਾਂ ਦੇ ਕੇ ਲੋਕਾਂ ਤੋਂ ਨਾਜਾਇਜ਼ ਪੈਸੇ ਵਸੂਲਣ ਦਾ ਵੀ ਦੋਸ਼ ਹੈ। ਇਸ ਮਾਮਲੇ ਵਿਚ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਵਿਅਕਤੀ ਤੋਂ ਡੀਐਸਪੀ ਨੇ ਵੱਖ-ਵੱਖ ਲੋਕਾਂ ਵਿਰੁਧ ਕਥਿਤ ਤੌਰ ‘ਤੇ ਝੂਠੀਆਂ ਸ਼ਿਕਾਇਤਾਂ ਕਰ ਕੇ ਉਨ੍ਹਾਂ ਤੋਂ ਨਾਜਾਇਜ਼ ਵਸੂਲੀ ਕੀਤੀ ਸੀ, ਉਸੇ ਵਿਅਕਤੀ ਨੇ ਡੀਐਸਪੀ ਵਿਰੁਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸ਼ਿਕਾਇਤ ਦਾਇਰ ਕੀਤੀ ਸੀ।

ਜਿਸ ਤੋਂ ਬਾਅਦ ਇਸ ਪੂਰੇ ਗਊ ਕਾਰੋਬਾਰ ਦਾ ਪਰਦਾਫ਼ਾਸ਼ ਹੋਇਆ ਸੀ। ਸ਼ਿਕਾਇਤਕਰਤਾ ਬਲਜਿੰਦਰ ਸਿੰਘ ਉਰਫ਼ ਟਾਹਲਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨਾਲ ਬਹੁਤ ਚੰਗੇ ਸਬੰਧ ਸਨ। ਡੀਐਸਪੀ ਦੀਆਂ ਹਦਾਇਤਾਂ ‘ਤੇ ਹੀ ਉਸ ਨੇ ਵੱਖ-ਵੱਖ ਵਿਅਕਤੀਆਂ ਵਿਰੁਧ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਈਆਂ।

ਬਾਅਦ ਵਿਚ ਉਨ੍ਹਾਂ ਕੇਸਾਂ ਦੀ ਜਾਂਚ ਡੀਐਸਪੀ ਸੰਧੂ ਨੂੰ ਵੀ ਸੌਂਪੀ ਗਈ ਅਤੇ ਉਨ੍ਹਾਂ ਕੇਸਾਂ ਦੇ ਨਿਪਟਾਰੇ ਦੇ ਬਦਲੇ ਡੀਐਸਪੀ ਨੇ ਵਖੋ-ਵਖਰੀਆਂ ਧਿਰਾਂ ਤੋਂ ਲੱਖਾਂ ਰੁਪਏ ਦੀ ਵਸੂਲੀ ਕੀਤੀ। ਇਥੇ ਵਰਨਣਯੋਗ ਹੈ ਕਿ ਬਲਜਿੰਦਰ ਸਿੰਘ ਉਰਫ਼ ਟਾਹਲਾ ਨੇ ਡੀਐਸਪੀ ਵਿਰੁਧ ਹਾਈ ਕੋਰਟ ਵਿਚ ਸ਼ਿਕਾਇਤ ਦਾਇਰ ਕੀਤੀ ਸੀ ਕਿ ਡੀਐਸਪੀ ਤੋਂ ਉਸ ਦੀ ਜਾਨ ਅਤੇ ਮਾਲ ਨੂੰ ਖ਼ਤਰਾ ਹੈ।

ਜਿਸ ਤੋਂ ਬਾਅਦ ਹਾਈ ਕੋਰਟ ਦੀਆਂ ਹਦਾਇਤਾਂ ‘ਤੇ ਡੀਜੀਪੀ ਪੰਜਾਬ ਨੂੰ ਮਾਮਲੇ ਦੀ ਜਾਂਚ ਕਰਵਾ ਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ। ਜਿਸ ਤੋਂ ਬਾਅਦ ਡੀਜੀਪੀ ਦੇ ਹੁਕਮਾਂ ‘ਤੇ ਡੀਆਈਜੀ ਰੋਪੜ ਰੇਂਜ ਵੱਲੋਂ ਪੂਰੇ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਡੀਜੀਪੀ ਪੰਜਾਬ ਅੱਗੇ ਪੇਸ਼ ਕੀਤੀ ਗਈ। ਜਿਸ ਤੋਂ ਬਾਅਦ ਡੀਐਸਪੀ ਨੂੰ ਮੁਲਜ਼ਮ ਬਣਾ ਕੇ ਉਸ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ।