ਸੀਬੀਐਸਈ (CBSE) ਵੱਲੋਂ ਜਾਰੀ ਕੀਤੇ ਗਏ 10ਵੀਂ ਜਮਾਤ ਦੇ ਨਵੇਂ ਇਮਤਿਹਾਨ ਪੈਟਰਨ ਵਿੱਚੋਂ ਪੰਜਾਬੀ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਗਿਆ ਹੈ।
ਨਵੇਂ ਪ੍ਰਸਤਾਵਿਤ ਪੈਟਰਨ ਵਿੱਚ ਪੰਜਾਬੀ ਭਾਸ਼ਾ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ, ਜਿਸ ਕਾਰਨ ਪੰਜਾਬ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਮਾਮਲੇ ‘ਤੇ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ “ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਚਿਹਰਾ ਇੱਕ ਵਾਰ ਫਿਰ ਬੇਨਕਾਬ ਹੋ ਗਿਆ ਹੈ।”
ਉਨ੍ਹਾਂ ਅੱਗੇ ਕਿਹਾ ਕਿ “ਸੀਬੀਐਸਈ ਵੱਲੋਂ 10ਵੀਂ ਜਮਾਤ ਲਈ ਨਵੇਂ ਇਮਤਿਹਾਨ ਪੈਟਰਨ ਵਿੱਚੋਂ ਪੰਜਾਬੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨਾ ਸੰਘੀ ਢਾਂਚੇ ‘ਤੇ ਸਿੱਧਾ ਹਮਲਾ ਹੈ।
ਬੈਂਸ ਨੇ ਕਿਹਾ ਕਿ, ਅਸੀਂ ਇਸ ਫ਼ੈਸਲੇ ਦਾ ਪੂਰਾ ਵਿਰੋਧ ਕਰਦੇ ਹਾਂ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬੀ ਭਾਸ਼ਾ ਨੂੰ ਉਸਦਾ ਹੱਕ ਅਤੇ ਸਨਮਾਨ ਤੁਰੰਤ ਬਹਾਲ ਕੀਤਾ ਜਾਵੇ।”
ਹਰਜੋਤ ਬੈਂਸ ਦੇ ਇਸ ਬਿਆਨ ਤੇ ਸੀਬੀਐਸਈ ਨੇ ਸਪੱਸ਼ਟੀਕਰਨ ਜਾਰੀ ਕੀਤਾ ਹੈ। CBSE ਨੇ ਕਿਹਾ ਕਿ ਨਵੀਂ ਯੋਜਨਾ ਦੇ ਪ੍ਰਸਤਾਵਿਤ ਡਰਾਫਟ ਵਿੱਚ ਅਗਲੇ ਸਾਲ ਪੰਜਾਬੀ ਭਾਸ਼ਾ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਯੋਜਨਾ ਅਧੀਨ, ਹਰੇਕ ਵਿਦਿਆਰਥੀ ਲਈ ਇੱਕ ਖੇਤਰੀ ਅਤੇ ਇੱਕ ਵਿਦੇਸ਼ੀ ਭਾਸ਼ਾ ਲਾਜ਼ਮੀ ਹੋਵੇਗੀ, ਜਿਸ ਰਾਹੀਂ ਦੋ ਵਾਰ ਬੋਰਡ ਇਮਤਿਹਾਨ ਹੋਣਗੇ।
CBSE ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, “ਅੱਜ ਜੋ ਵਿਸ਼ੇ ਉਪਲਬਧ ਹਨ, ਉਹ ਜਾਰੀ ਰਹਿਣਗੇ। ਇਹ ਸਿਰਫ਼ ਇੱਕ ਸੰਕੇਤਕ ਸੂਚੀ ਸੀ। ਅਗਲੇ ਸਾਲ ਪੰਜਾਬੀ ਭਾਸ਼ਾ ਵੀ ਇਸ ਵਿੱਚ ਹੋਵੇਗੀ। CBSE ਦੇ ਦੋ ਵਾਰ ਹੋਣ ਵਾਲੇ ਬੋਰਡ ਇਮਤਿਹਾਨਾਂ ਵਿੱਚ, ਸਾਰੇ ਮੌਜੂਦਾ ਵਿਸ਼ੇ ਬਰਕਰਾਰ ਰਹਿਣਗੇ।”