ਹੁਣ ਸਰਕਾਰੀ ਬੱਸਾਂ ‘ਚ ਆਧਾਰ ਕਾਰਡ ‘ਤੇ ਬੀਬੀਆਂ ਨੂੰ ਨਹੀਂ ਮਿਲਣਗੇ ਮੁਫ਼ਤ ਝੂਟੇ!

ਹੁਣ ਸਰਕਾਰੀ ਬੱਸਾਂ ‘ਚ ਆਧਾਰ ਕਾਰਡ ‘ਤੇ ਬੀਬੀਆਂ ਨੂੰ ਨਹੀਂ ਮਿਲਣਗੇ ਮੁਫ਼ਤ ਝੂਟੇ!

ਪੰਜਾਬ ਵਿੱਚ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਹੁਣ ਔਰਤਾਂ ਨੂੰ ਮੁਫ਼ਤ ਬੱਸ ਯਾਤਰਾ ਲਈ ਪਛਾਣ ਸਬੂਤ ਵਜੋਂ ਆਧਾਰ ਕਾਰਡ ਦੀ ਲੋੜ ਨਹੀਂ ਪਵੇਗੀ। ਪੰਜਾਬ ਸਰਕਾਰ ਔਰਤਾਂ ਨੂੰ RFID (ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਡਿਵਾਈਸ) ਜਾਂ NCMC (ਨੈਸ਼ਨਲ ਕਾਮਨ ਮੋਬਿਲਿਟੀ ਕਾਰਡ) ਦੀ ਸਹੂਲਤ ਪ੍ਰਦਾਨ ਕਰੇਗੀ। ਇਹ ਦੋ ਵੱਖ-ਵੱਖ ਕਾਰਡ ਹਨ। ਫਿਲਹਾਲ ਦੋਵਾਂ ਨੂੰ ਪ੍ਰਪੋਜ਼ਲ ‘ਚ ਰੱਖਿਆ ਗਿਆ ਹੈ।

ਸੂਤਰਾਂ ਮੁਤਾਬਕ ਇਨ੍ਹਾਂ ਕਾਰਡਾਂ ਨਾਲ ਔਰਤਾਂ ਦੀ ਸਹੀ ਪਛਾਣ, ਦਸਤਾਵੇਜ਼ਾਂ ਦੀ ਤਸਦੀਕ ਅਤੇ ਯਾਤਰਾ ਦਾ ਕੁੱਲ ਡਾਟਾ ਰਿਕਾਰਡ ਕਰਨਾ ਆਸਾਨ ਹੋ ਜਾਵੇਗਾ। ਪੰਜਾਬ ਵਿੱਚ ਹਰ ਮਹੀਨੇ ਕਰੀਬ 1.25 ਕਰੋੜ ਔਰਤਾਂ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰ ਰਹੀਆਂ ਹਨ। ਪੰਜਾਬ ਵਿੱਚ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਪ੍ਰੈਲ 2021 ਵਿੱਚ ਸ਼ੁਰੂ ਕੀਤੀ ਗਈ ਸੀ। ਸੂਤਰਾਂ ਦਾ ਕਹਿਣਾ ਹੈ ਕਿ ਆਰਐਫਆਈਡੀ ਅਤੇ ਐਨਸੀਐਮਸੀ ਇੱਕ ਪ੍ਰਾਈਵੇਟ ਕੰਪਨੀ ਦੁਆਰਾ ਤਿਆਰ ਕੀਤੀ ਜਾਵੇਗੀ। ਇਨ੍ਹਾਂ ਕਾਰਡਾਂ ਦੀ ਵਰਤੋਂ ਕਰਨ ਲਈ ਮਸ਼ੀਨਾਂ ਦੀ ਲੋੜ ਪਵੇਗੀ। ਜਿਸ ਤਰ੍ਹਾਂ ਬੱਸਾਂ ਦੀਆਂ ਟਿਕਟਾਂ ਲਈ ਮਸ਼ੀਨਾਂ ਹਨ, ਉਸੇ ਤਰ੍ਹਾਂ ਇਨ੍ਹਾਂ ਕਾਰਡਾਂ ਲਈ ਵੀ ਵਿਸ਼ੇਸ਼ ਮਸ਼ੀਨਾਂ ਹੋਣਗੀਆਂ।