
ਅਮਰੀਕਾ ਵਿਚ ਅਗਲੇ ਸਾਲ ਦੇ ਆਖ਼ਰ ਤੱਕ ਚੋਣਾਂ ਹੋਣੀਆਂ ਨੇ, ਜਿਸ ਦੇ ਚਲਦਿਆਂ ਕਈ ਚਿਹਰੇ ਰਿਪਬਲਿਕਨ ਪਾਰਟੀ ਵੱਲੋਂ ਉਮੀਦਵਾਰੀ ਦੇ ਲਈ ਮੈਦਾਨ ਵਿਚ ਨੇ, ਜਿਨ੍ਹਾਂ ਵਿਚੋਂ ਇਕ ਨੇ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ। 38 ਸਾਲ ਕਰੋੜਪਤੀ ਕਾਰੋਬਾਰੀ ਵਿਵੇਕ ਜ਼ੋਰ ਸ਼ੋਰ ਨਾਲ ਆਪਣੇ ਪ੍ਰਚਾਰ ਵਿਚ ਜੁਟੇ ਹੋਏ ਨੇ, ਇਸੇ ਵਿਚਕਾਰ ਐਲਨ ਮਸਕ ਨੇ ਵਿਵੇਕ ਦੀ ਤਾਰੀਫ਼ ਕਰਕੇ ਟਰੰਪ ਨੂੰ ਚੱਕਰਾਂ ਵਿਚ ਪਾ ਦਿੱਤਾ ਏ।
ਜਿਸ ਨਾਲ ਵਿਵੇਕ ਕਾਫ਼ੀ ਚਰਚਾ ਵਿਚ ਆ ਗਏ ਨੇ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੌਣ ਐ ਅਮਰੀਕਾ ਵਿਚ ਰਾਸ਼ਟਰਪਤੀ ਉਮੀਦਵਾਰ ਦੀ ਦਾਅਵੇਦਾਰੀ ਠੋਕਣ ਵਾਲਾ ਭਾਰਤੀ ਮੂਲ ਦਾ ਇਹ ਨੌਜਵਾਨ।
ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਭਾਰਤੀ ਮੂਲ ਦੇ ਨੇ ਪਰ ਹੁਣ ਵਿਸ਼ਵ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਵੀ ਇਕ ਭਾਰਤੀ ਮੂਲ ਦੇ ਨੌਜਵਾਨ ਵਿਵੇਕ ਰਾਮਾਸਵਾਮੀ ਨੇ ਰਾਸ਼ਟਰਪਤੀ ਉਮੀਦਵਾਰ ਲਈ ਆਪਣੇ ਦਾਅਵੇਦਾਰੀ ਠੋਕ ਦਿੱਤੀ ਐ, ਜਿਸ ਤੋਂ ਬਾਅਦ ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਉਸ ਦਾ ਸਮਰਥਨ ਵੀ ਕਰ ਦਿੱਤਾ ਏ ਜੋ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਲਈ ਇਕ ਵੱਡਾ ਝਟਕਾ ਏ।
ਦਰਅਸਲ ਕੁੱਝ ਦਿਨ ਪਹਿਲਾਂ ਵਿਵੇਕ ਨੇ ਇਕ ਇੰਟਰਵਿਊ ਦਿੱਤਾ ਸੀ, ਜਿਸ ਦੇ ਵੀਡੀਓ ਨੂੰ ਐਕਸ ‘ਤੇ ਸ਼ੇਅਰ ਕਰਦਿਆਂ ਐਲਨ ਮਸਕ ਨੇ ਲਿਖਿਆ ”ਵਿਵੇਕ ਰਾਮਾਸਵਾਮੀ ਅਮਰੀਕੀ ਰਾਸ਼ਟਰਪਤੀ ਉਮੀਦਵਾਰ ਲਈ ਇਕ ਹੋਣਹਾਰ ਉਮੀਦਵਾਰ ਐ।”
ਮਸਕ ਦੇ ਇਸ ਟਵੀਟ ਤੋਂ ਬਾਅਦ ਵਿਵੇਕ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ਹੋਣੀ ਸ਼ੁਰੂ ਹੋ ਗਈ ਐ। ਇਹ ਵੀ ਕਿਹਾ ਜਾ ਰਿਹਾ ਏ ਕਿ ਮਸਕ ਵੱਲੋਂ ਕੀਤੀ ਗਈ ਇਹ ਤਾਰੀਫ਼ ਵਿਵੇਕ ਦੇ ਕਾਫ਼ੀ ਕੰਮ ਆਉਣ ਵਾਲੀ ਐ ਕਿਉਂਕਿ ਇਸ ਤੋਂ ਬਾਅਦ ਹਰ ਕੋਈ ਵਿਵੇਕ ਰਾਮਾਸਵਾਮੀ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਿਹਾ ਏ।