ਹੁਣ ਇਨ੍ਹਾਂ ਪਿੰਡਾਂ ‘ਚ ਮੁੜ ਹੋਣਗੀਆਂ ਪੰਚਾਇਤੀ ਚੋਣਾਂ, 15 ਦਸੰਬਰ ਨੂੰ ਪੈਣਗੀਆਂ ਵੋਟਾਂ

ਹੁਣ ਇਨ੍ਹਾਂ ਪਿੰਡਾਂ ‘ਚ ਮੁੜ ਹੋਣਗੀਆਂ ਪੰਚਾਇਤੀ ਚੋਣਾਂ, 15 ਦਸੰਬਰ ਨੂੰ ਪੈਣਗੀਆਂ ਵੋਟਾਂ

ਚੋਣ ਕਮਿਸ਼ਨ ਵੱਲੋਂ ਮੁੜ ਤੋਂ ਪਿੰਡਾਂ ‘ਚ ਪੰਚਾਇਤੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਚੋਣਾਂ ਪੂਰੇ ਪੰਜਾਬ ‘ਚ ਨਹੀਂ ਬਲਕਿ ਹਲਕਾ ਗਿੱਦੜਬਾਹਾ ਦੇ 20 ਪਿੰਡਾਂ ਵਿੱਚ 15 ਦਸੰਬਰ ਨੂੰ ਹੋਣਗੀਆਂ। ਪਿੰਡ ਦੌਲਾ ਵਿੱਚ ਸਰਪੰਚੀ ਦੀ ਤੇ ਬਾਕੀ ਦੇ ਪਿੰਡਾਂ ਵਿੱਚ ਪੰਚ ਦੀਆਂ ਚੋਣਾਂ ਹੋਣੀਆਂ ਹਨ। ਦੱਸ ਦਈਏ ਕਿ ਚੋਣ ਕਮਿਸ਼ਨ ਨੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ 20 ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਰੱਦ ਕਰ ਦਿੱਤੀਆਂ ਸੀ। ਇਸ ਦੇ ਨਾਲ ਹੀ ਕਿਹਾ ਸੀ ਕਿ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਲਈ ਬਾਅਦ ਵਿੱਚ ਨਵੀਆਂ ਤਰੀਕਾਂ ਜਾਰੀ ਕੀਤੀਆਂ ਜਾਣਗੀਆਂ।

ਕਿਹੜੇ-ਕਿਹੜੇ ਪਿੰਡਾਂ ‘ਚ ਪੈਣਗੀਆਂ ਵੋਟਾਂ

ਕਾਬਲੇਜ਼ਿਕਰ ਹੈ ਕਿ ਗਿੱਦੜਬਾਹਾ ਦੇ ਇਹ ਪਿੰਡ ਆਸ਼ਾ ਬੁੱਟਰ, ਦਾਦੂ ਮੁਹੱਲਾ ਮੱਲਾਂ, ਖਿੜਕੀਆਂ ਵਾਲਾ, ਵਾੜਾ ਕਿਸ਼ਨਪੁਰਾ, ਲੋਹਾਰਾ, ਬੁੱਟਰ ਸਰੀਂਹ, ਕੋਠੇ ਹਜੂਰੇ ਵਾਲਾ, ਕੋਠੇ ਢਾਬਾ, ਕੋਠੇ ਕੇਸਰ ਸਿੰਘ ਵਾਲਾ, ਭਾਰੂ, ਦੌਲਾ, ਕੋਠੇ ਹਿੰਮਤਪੁਰਾ, ਭੂੰਦੜ, ਲੁੰਡੇਵਾਲਾ, ਸਮਾਘ, ਮਾਨਾਂ ਵਾਲਾ, ਸੇਖਾ ਖੁੰਨਣ ਖੁਰਦ, ਮਧੀਰ, ਬੁੱਟਰ ਬਖੂਆਣਾ ਦੇ ਚੋਣ ‘ਤੇ ਰੋਕ ਲਗਾ ਦਿੱਤੀ ਗਈ ਸੀ।

ਕਿਉਂ ਹੋ ਰਹੀਆਂ ਨੇ ਮੁੜ ਚੋਣਾਂ

ਗ਼ੌਰਤਲਬ ਹੈ ਕਿ ਪਿੰਡਾਂ ਵਿੱਚ ਜਿਹੜੀਆਂ ਪਹਿਲਾਂ ਚੋਣਾਂ ਹੋਈਆਂ ਹਨ, ਉਸ ਦੌਰਾਨ ਆਮ ਆਦਮੀ ਪਾਰਟੀ ‘ਤੇ ਧੱਕਾ ਕਰਨ ਦੇ ਇਲਜ਼ਾਮ ਲੱਗੇ ਸਨ। ਇਹ ਇਲਜ਼ਾਮ ਉਦੋਂ ਹਰਦੀਪ ਸਿੰਘ ਡਿੰਪੀ ਢਿੱਲੋਂ ‘ਤੇ ਲੱਗਾਏ ਗਏ ਸਨ, ਜੋ ਕਿ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਇਸ ਕਾਰਨ ਹੁਣ ਚੋਣ ਕਮਿਸ਼ਨ ਵੱਲੋਂ ਫਿਰ ਤੋਂ ਚੋਣਾਂ ਕਰਵਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਹਲਕੇ ਦੇ ਪਿੰਡ ਖਿੜਕੀਆਂ ਵਾਲਾ ਦੇ ਸਰਪੰਚ ਦੇ ਉਮੀਦਵਾਰ ਖੁਸ਼ਵਿੰਦਰ ਸਿੰਘ ਗਿੱਲ ਆਦਿ ਵੱਲੋਂ ਦਾਇਰ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ ਉਥੋਂ ਦੀ ਚੋਣ ਉਤੇ ਰੋਕ ਲਾ ਦਿੱਤੀ ਹੈ। ਇਸ ਪਟੀਸ਼ਨ ਦੀ ਸੁਣਵਾਈ 16 ਅਕਤੂਬਰ ਨੂੰ ਹੋਣੀ ਤੈਅ ਹੋਈ ਸੀ। ਹੁਣ ਹਲਕਾ ਗਿੱਦੜਬਾਹਾ ਦੇ 20 ਪਿੰਡਾਂ ਵਿੱਚ ਪੰਚਾਇਤੀ ਚੋਣਾਂ 15 ਦਸੰਬਰ ਨੂੰ ਹੋਣਗੀਆਂ।